ਦੁਨੀਆ ਦਾ 12ਵਾਂ ਸਭ ਤੋਂ ਵੱਡਾ ਹਵਾਈ ਅੱਡਾ ਬਣਿਆ ਦਿੱਲੀ ਏਅਰਪੋਰਟ

09/17/2019 9:52:10 PM

ਮਾਂਟ੍ਰੀਅਲ (ਯੂ. ਐੱਨ. ਆਈ.)-ਦਿੱਲੀ ਦਾ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਯਾਤਰੀਆਂ ਦੀ ਗਿਣਤੀ ਦੇ ਲਿਹਾਜ਼ ਨਾਲ ਦੁਨੀਆ ਦੇ ਵੱਡੇ ਹਵਾਈ ਅੱਡਿਆਂ ਦੀ ਸੂਚੀ 'ਚ 4 ਸਥਾਨ ਦੀ ਛਲਾਂਗ ਲਾ ਕੇ 12ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਏਅਰਪੋਰਟਸ ਕੌਂਸਲ ਇੰਟਰਨੈਸ਼ਨਲ ਦੀ ਜਾਰੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਯਾਤਰੀਆਂ ਦੀ ਗਿਣਤੀ ਦੇ ਮਾਮਲੇ 'ਚ ਅਮਰੀਕਾ ਦਾ ਹਾਰਟਸਫੀਲਡ-ਜੈਕਸਨ ਅਟਲਾਂਟਾ ਕੌਮਾਂਤਰੀ ਹਵਾਈ ਅੱਡਾ 10.74 ਕਰੋੜ ਯਾਤਰੀਆਂ ਦੇ ਨਾਲ ਪਹਿਲੇ, ਚੀਨ ਦਾ ਪੇਈਚਿੰਗ ਕੈਪੀਟਲ ਕੌਮਾਂਤਰੀ ਹਵਾਈ ਅੱਡਾ 10.10 ਕਰੋੜ ਯਾਤਰੀਆਂ ਨਾਲ ਦੂਜੇ ਅਤੇ ਦੁਬਈ ਕੌਮਾਂਤਰੀ ਹਵਾਈ ਅੱਡਾ 8.91 ਕਰੋੜ ਯਾਤਰੀਆਂ ਦੇ ਨਾਲ ਤੀਸਰੇ ਸਥਾਨ 'ਤੇ ਕਾਇਮ ਰਿਹਾ। ਉਥੇ ਹੀ ਅਮਰੀਕਾ ਦੇ ਲਾਸ ਏਂਜਲਸ ਕੌਮਾਂਤਰੀ ਹਵਾਈ ਅੱਡੇ ਨੇ ਜਾਪਾਨ ਦੇ ਟੋਕੀਓ ਕੌਮਾਂਤਰੀ ਹਵਾਈ ਅੱਡੇ ਨੂੰ 5ਵੇਂ ਸਥਾਨ 'ਤੇ ਖਿਸਕਾ ਕੇ ਚੌਥੇ ਸਥਾਨ 'ਤੇ ਜਗ੍ਹਾ ਬਣਾ ਲਈ ਹੈ।

ਦਿੱਲੀ ਹਵਾਈ ਅੱਡੇ 'ਤੇ ਯਾਤਰੀਆਂ ਦੀ ਗਿਣਤੀ 2017 ਦੇ ਮੁਕਾਬਲੇ 10.2 ਫ਼ੀਸਦੀ ਵਧ ਕੇ 2018 'ਚ 6.99 ਕਰੋੜ 'ਤੇ ਪਹੁੰਚ ਗਈ। ਸੂਚੀ 'ਚ ਉਸ ਨੂੰ 12ਵਾਂ ਸਥਾਨ ਮਿਲਿਆ ਹੈ, ਜਦੋਂ ਕਿ 2017 'ਚ ਉਹ 16ਵੇਂ ਸਥਾਨ 'ਤੇ ਸੀ। ਇਹ ਟਾਪ-20 'ਚ ਜਗ੍ਹਾ ਬਣਾਉਣ ਵਾਲਾ ਇਕੋ-ਇਕ ਭਾਰਤੀ ਹਵਾਈ ਅੱਡਾ ਹੈ।

ਭਾਰਤ 'ਚ ਡੇਢ ਕਰੋੜ ਤੋਂ ਜ਼ਿਆਦਾ ਯਾਤਰੀਆਂ ਦੀ ਆਵਾਜਾਈ ਵਾਲੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਹਵਾਈ ਅੱਡਿਆਂ 'ਚ ਬੇਂਗਲੁਰੂ ਹਵਾਈ ਅੱਡਾ ਪਹਿਲੇ ਸਥਾਨ 'ਤੇ ਹੈ। ਪਿਛਲੇ ਸਾਲ ਇੱਥੇ ਯਾਤਰੀਆਂ ਦੀ ਗਿਣਤੀ 29.1 ਫ਼ੀਸਦੀ ਵਧ ਕੇ 3.23 ਕਰੋੜ 'ਤੇ ਪਹੁੰਚ ਗਈ। ਹੈਦਰਾਬਾਦ ਹਵਾਈ ਅੱਡਾ 21.9 ਫ਼ੀਸਦੀ ਦੇ ਵਾਧੇ ਨਾਲ ਤੀਸਰੇ ਸਥਾਨ 'ਤੇ ਰਿਹਾ। ਉਥੇ ਪਿਛਲੇ ਸਾਲ ਯਾਤਰੀਆਂ ਦੀ ਆਵਾਜਾਈ 2.09 ਕਰੋੜ ਰਹੀ।

Karan Kumar

This news is Content Editor Karan Kumar