ਬੋਰਡਿੰਗ ਸਕੂਲ ਗੈਂਗਰੇਪ ਕੇਸ : ਮੁੱਖ ਦੋਸ਼ੀ ਨੂੰ 20 ਸਾਲ ਦੀ ਸਜ਼ਾ, ਪ੍ਰਿੰਸੀਪਲ ਨੂੰ ਵੀ ਕੈਦ

02/05/2020 12:49:37 PM

ਦੇਹਰਾਦੂਨ— ਸਾਲ 2018 'ਚ ਦੇਹਰਾਦੂਨ ਦੇ ਇਕ ਬੋਰਡਿੰਗ ਸਕੂਲ 'ਚ ਗੈਂਗਰੇਪ ਦੀ ਸ਼ਿਕਾਰ ਹੋਈ ਵਿਦਿਆਰਥਣ ਨੂੰ ਆਖਰਕਾਰ ਸਪੈਸ਼ਲ ਪੋਕਸੋ ਕੋਰਟ ਤੋਂ ਨਿਆਂ ਮਿਲ ਗਿਆ ਹੈ। ਦੇਹਰਾਦੂਨ ਦੇ ਸਹਸਪੁਰ ਖੇਤਰ ਦੇ ਭਾਊਵਾਲਾ ਸਥਿਤ ਬੋਰਡਿੰਗ ਸਕੂਲ ਵਿਚ ਨਾਬਾਲਗ ਵਿਦਿਆਰਥਣ ਨਾਲ ਸਮੂਹਕ ਬਲਾਤਕਾਰ ਅਤੇ ਗਰਭਪਾਤ ਕਰਾਉਣ ਦੇ ਮਾਮਲੇ 'ਚ ਕੋਰਟ ਨੇ ਮੁੱਖ ਦੋਸ਼ੀ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ। ਮਾਮਲੇ 'ਚ ਸਕੂਲ ਦੇ 4 ਵਿਦਿਆਰਥੀਆਂ ਅਤੇ ਸਕੂਲ ਪ੍ਰਬੰਧਨ ਨੂੰ ਮਾਮਲੇ ਨੂੰ ਲੁਕਾਉਣ ਲਈ ਸਾਜਿਸ਼ ਕਰਨ ਦਾ ਦੋਸ਼ੀ ਵੀ ਪਾਇਆ ਗਿਆ।

ਦੋਸ਼ੀ ਵਿਦਿਆਰਥੀਆਂ 'ਚੋਂ 3 ਨਾਬਾਲਗ ਹਨ, ਉਨ੍ਹਾਂ ਨੂੰ 3-3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਵਿਸ਼ੇਸ਼ ਪੋਕਸੋ ਜੱਜ ਰਮਾ ਪਾਂਡੇਯ ਦੀ ਅਦਾਲਤ ਨੇ ਸਕੂਲ ਦੀ ਡਾਇਰੈਕਟਰ ਲਤਾ ਗੁਪਤਾ, ਮੁੱਖ ਪ੍ਰਸ਼ਾਸਨਿਕ ਅਧਿਕਾਰੀ ਦੀਪਕ, ਉਸ ਦੀ ਪਤਨੀ ਨੂੰ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੰਦੇ ਹੋਏ 9-9 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਪ੍ਰਿੰਸੀਪਲ ਨੂੰ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਕੂਲ ਪ੍ਰਬੰਧਨ ਨੂੰ ਸਬੂਤ ਲੁਕਾਉਣ, ਸਾਜਿਸ਼ ਅਤੇ ਗਰਭਪਾਤ ਕਰਾਉਣ 'ਚ ਦੋਸ਼ੀ ਮੰਨਦੇ ਹੋਏ ਕੋਰਟ ਨੇ 10 ਲੱਖ ਦਾ ਜ਼ੁਰਮਾਨਾ ਵੀ ਲਾਇਆ ਹੈ। ਜ਼ੁਰਮਾਨੇ ਦੀ ਇਸ ਰਾਸ਼ੀ ਨੂੰ ਪੀੜਤਾ ਨੂੰ ਦਿੱਤਾ ਜਾਵੇਗਾ।

ਦੱਸਣਯੋਗ ਹੈ ਕਿ 14 ਅਗਸਤ 2018 ਨੂੰ ਬੋਰਡਿੰਗ ਸਕੂਲ ਦੇ ਹੀ 4 ਵਿਦਿਆਰਥੀਆਂ ਨੇ 16 ਸਾਲ ਦੀ ਨਾਬਾਲਗ ਵਿਦਿਆਰਥਣ ਨਾਲ ਗੈਂਗਰੇਪ ਕੀਤਾ ਸੀ। ਸਤੰਬਰ 2018 ਵਿਚ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੁਕੱਦਮਾ ਦਰਜ ਹੋਇਆ ਸੀ। ਇਸ ਮਾਮਲੇ ਦੀ ਸ਼ਿਕਾਇਤ ਪੀੜਤ ਵਿਦਿਆਰਥਣ ਨੇ ਸਕੂਲ ਪ੍ਰਬੰਧਨ ਨੂੰ ਕੀਤੀ ਸੀ ਪਰ ਪ੍ਰਬੰਧਨ ਨੇ ਨਾ ਸਿਰਫ ਇਸ ਨੂੰ ਲੁਕਾਇਆ ਸਗੋਂ ਵਿਦਿਆਰਥਣ ਨੂੰ ਵੀ ਚੁੱਪ ਰਹਿਣ ਲਈ ਦਬਾਅ ਪਾਇਆ ਸੀ।

Tanu

This news is Content Editor Tanu