ਵਿਚੋਲੇ ਦੀਪਕ ਤਲਵਾੜ ਨੂੰ ਵਿਦੇਸ਼ੀ ਏਅਰਲਾਈਨਜ਼ ਤੋਂ ਮਿਲੇ 270 ਕਰੋੜ

02/12/2019 1:42:15 AM

ਨਵੀਂ ਦਿੱਲੀ, (ਇੰਟ.)– ਦੁਬਈ ਤੋਂ ਹਾਲ ਹੀ ਵਿਚ ਭਾਰਤ ਹਵਾਲੇ ਕੀਤੇ ਗਏ ਕਾਰਪੋਰੇਟ ਲਾਬਿਸਟ ਦੀਪਕ ਤਲਵਾੜ ਤੋਂ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਕੌਮਾਂਤਰੀ ਏਅਰਲਾਈਨਜ਼ ਵਲੋਂ  ਬੈਂਕ ਆਫ ਸਿੰਗਾਪੁਰ ਵਿਚ ਜਮ੍ਹਾ ਕਰਵਾਏ ਗਏ ਕਥਿਤ 270 ਕਰੋੜ ਰੁਪਏ ਦੇ ਸਬੰਧ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਸ ਦੀ ਐੱਨ. ਜੀ. ਓ. ਨੂੰ 88 ਕਰੋੜ ਰੁਪਏ ਮਿਲੇ ਸਨ। ਇਸ ਦੌਰਾਨ ਤਲਵਾੜ ਨੇ ਸੋਮਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਸੀ. ਬੀ. ਆਈ. ਜੱਜ ਦੇ ਸਾਹਮਣੇ   ਜ਼ਮਾਨਤ ਪਟੀਸ਼ਨ ਦਾਖਲ ਕੀਤੀ ਹੈ।  ਮੰਨਿਆ ਜਾ ਰਿਹਾ ਹੈ ਕਿ ਤਲਵਾੜ ਦੇ ਯੂ. ਪੀ. ਏ. ਸ਼ਾਸਨਕਾਲ ਦੇ ਵੱਡੇ ਮੰਤਰੀਆਂ ਅਤੇ ਨੌਕਰਸ਼ਾਹਾਂ ਨਾਲ ਸਬੰਧ ਸਨ। ਅਜਿਹੇ ਵਿਚ ਕਿਆਸ ਲਾਏ ਜਾ ਰਹੇ ਹਨ ਕਿ ਪੁੱਛਗਿੱਛ ਵਿਚ ਉਹ ਕਈ ਰਾਜਨੇਤਾਵਾਂ ਦੇ ਨਾਂ ਵੀ ਉਗਲ ਸਕਦਾ ਹੈ। ਈ. ਡੀ. ਪੁੱਛਗਿੱਛ ਵਿਚ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਪੈਸੇ ਦਾ ਪਤਾ ਲੱਗ ਸਕੇ ਕਿ ਜਿਸ ਨੂੰ ਕਿ ਤਲਵਾੜ ਦੇ ਕੰਟਰੋਲ ਵਾਲੀਆਂ ਸੰਸਥਾਵਾਂ ਦੇ ਬੈਂਕ ਅਕਾਊਂਟ ਵਿਚੋਂ ਕੱਢਿਆ ਗਿਆ ਸੀ ਅਤੇ ਉਸ ਰਕਮ ਨੂੰ ਕਿਹੜੇ ਰਾਜਨੇਤਾਵਾਂ ਅਤੇ ਅਧਿਕਾਰੀਆਂ ਵਿਚ ਵੰਡਿਆ ਗਿਆ ਸੀ। 
ਸ਼ੱਕ ਹੈ ਕਿ ਰਾਜਨੇਤਾਵਾਂ ਅਤੇ ਅਧਿਕਾਰੀਆਂ ਨੇ ਨਿਯਮਾਂ ਨੂੰ ਛਿੱਕੇ 'ਤੇ ਟੰਗ ਕੇ ਵਿਸ਼ੇਸ਼ ਵਿਦੇਸ਼ੀ ਜਹਾਜ਼ ਨਿਰਮਾਤਾ ਅਤੇ ਏਅਰਲਾਈਨਜ਼ ਨੂੰ ਫਾਇਦਾ ਪਹੁੰਚਾਉਣ ਵਿਚ ਭੂਮਿਕਾ ਨਿਭਾਈ ਸੀ। 
ਤਲਵਾੜ ਨੂੰ ਸ਼ਹਿਰੀ ਹਵਾਬਾਜ਼ੀ ਹਲਕਿਆਂ ਵਿਚ ਆਪਣੀ ਪਹੁੰਚ ਲਈ ਜਾਣਿਆ ਜਾਂਦਾ ਹੈ। ਬੀਤੀ 31 ਜਨਵਰੀ ਨੂੰ ਖੋਜ ਅਤੇ ਵਿਸ਼ਲੇਸ਼ਣ ਵਿੰਗ (ਰਾਅ) ਨੇ ਤਲਵਾੜ ਨੂੰ ਦੁਬਈ ਤੋਂ ਭਾਰਤ ਲਿਆਂਦਾ ਸੀ। 
ਇਸ ਤੋਂ ਬਾਅਦ ਦਿੱਲੀ ਦੀ ਇਕ ਅਦਾਲਤ ਨੇ ਤਲਵਾੜ ਨੂੰ ਮਨੀ ਲਾਂਡਰਿੰਗ ਮਾਮਲੇ 'ਚ 12 ਫਰਵਰੀ ਤੱਕ ਲਈ ਈ. ਡੀ. ਦੀ ਹਿਰਾਸਤ ਵਿਚ ਭੇਜਿਆ ਹੋਇਆ ਹੈ। ਉਸ ਦੇ ਵਿਰੁੱਧ ਮਨੀ ਲਾਂਡਰਿੰਗ ਕਾਨੂੰਨ ਦੇ ਤਹਿਤ ਮਾਮਲਾ ਦਰਜ ਹੈ। 
ਸੂਤਰਾਂ ਦੇ ਹਵਾਲੇ ਨਾਲ ਆ ਰਹੀਆਂ ਖਬਰਾਂ ਅਨੁਸਾਰ ਈ. ਡੀ. ਨੂੰ 2008 ਅਤੇ 2012 ਵਿਚਾਲੇ ਬੈਂਕ ਆਫ ਸਿੰਗਾਪੁਰ ਵਿਚ ਜਮ੍ਹਾ ਹੋਏ 55 ਮਿਲੀਅਨ ਡਾਲਰ ਦਾ ਵੇਰਵਾ ਮਿਲਿਆ ਹੈ। ਇਹ ਪੈਸਾ ਕਥਿਤ ਤੌਰ 'ਤੇ ਉਨ੍ਹਾਂ ਕੰਪਨੀਆਂ ਦੇ ਅਕਾਊਂਟ ਵਿਚ ਜਮ੍ਹਾ ਹੋਇਆ ਹੈ, ਜਿਨ੍ਹਾਂ ਦਾ ਕੰਟਰੋਲ ਜਾਂ ਮਾਲਕੀ ਤਲਵਾੜ ਦੇ ਕੋਲ ਹੈ।

KamalJeet Singh

This news is Content Editor KamalJeet Singh