ਕਰਜ਼ ਵਾਪਸ ਨਹੀਂ ਕਰ ਸਕੀ ਔਰਤ ਤਾਂ ਕਰਜ਼ਦਾਰਾਂ ਨੇ ਖੰਭੇ ਨਾਲ ਬੰਨ੍ਹ ਕੇ ਕੁੱਟਿਆ

06/14/2019 11:21:11 AM

ਬੈਂਗਲੁਰੂ— ਕਰਨਾਟਕ ਦੇ ਰਾਮਨਗਰ ਜ਼ਿਲੇ 'ਚ 36 ਸਾਲਾ ਔਰਤ ਨੂੰ ਖੰਭੇ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਕਈ ਪਿੰਡ ਵਾਲਿਆਂ ਤੋਂ ਉਧਾਰ ਲਿਆ ਸੀ ਅਤੇ ਉਹ ਇਹ ਉਧਾਰ ਵਾਪਸ ਨਹੀਂ ਕਰ ਪਾ ਰਹੀ ਸੀ। ਉਧਾਰ ਦੇਣ ਵਾਲਿਆਂ ਨੇ ਔਰਤ ਨੂੰ ਫੜ ਕੇ ਖੰਭੇ ਨਾਲ ਬੰਨ੍ਹ ਦਿੱਤਾ। ਉਹ ਕਾਫੀ ਦੇਰ ਤੱਕ ਇਸੇ ਤਰ੍ਹਾਂ ਬੱਝੀ ਰਹੀ। ਉੱਥੇ ਆਉਂਦੇ-ਜਾਂਦੇ ਲੋਕ ਉਸ ਨੂੰ ਦੇਖਦੇ ਰਹੇ ਪਰ ਕਿਸੇ ਵੀ ਉਸ ਨੂੰ ਨਹੀਂ ਬਚਾਇਆ। ਬਾਅਦ 'ਚ ਪੁੱਜੀ ਪੁਲਸ ਨੇ ਔਰਤ ਨੂੰ ਛੁਡਵਾਇਆ ਅਤੇ ਇਸ ਮਾਮਲੇ 'ਚ 8 ਲੋਕਾਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਮਾਮਲਾ ਜ਼ਿਲੇ ਦੇ ਕੋਡਿਗੇਹੱਲੀ ਪਿੰਡ ਦਾ ਹੈ। ਪੁਲਸ ਨੇ ਦੱਸਿਆ ਕਿ ਰਾਜਾਮਾ ਮੂਲ ਰੂਪ ਤੋਂ ਚਮਰਾਜਨਗਰ ਦੇ ਕੋਲੇਗਲ ਦੀ ਰਹਿਣ  ਵਾਲੀ ਹੈ। ਉਹ ਕਈ ਸਾਲ ਪਹਿਲਾਂ ਕੇਡਿਗੇਹੱਲੀ 'ਚ ਆਪਣੀ ਬੇਟੀ ਨਾਲ ਆ ਕੇ ਰਹਿਣ ਲੱਗੀ ਸੀ। ਉਸ ਨੇ ਕਈ ਪਿੰਡ ਵਾਲਿਆਂ ਤੋਂ ਉਧਾਰ ਲਿਆ ਸੀ। ਇਨ੍ਹਾਂ ਉਧਾਰ ਲਏ ਰੁਪਿਆਂ ਤੋਂ ਉਸ ਨੇ ਇਕ ਹੋਟਲ ਖੋਲ੍ਹਿਆ ਸੀ। ਕਾਫੀ ਕੋਸ਼ਿਸ਼ ਤੋਂ ਬਾਅਦ ਵੀ ਉਸ ਦਾ ਹੋਟਲ ਨਹੀਂ ਚੱਲਿਆ। ਔਰਤ ਨੂੰ ਕਾਫੀ ਨੁਕਸਾਨ ਹੋ ਗਿਆ। ਉਸ ਨੂੰ ਨੁਕਸਾਨ ਹੁੰਦਾ ਰਿਹਾ ਅਤੇ ਉਹ ਕਰਜ਼ ਲੈਂਦੀ ਰਹੀ। ਹੌਲੀ-ਹੌਲੀ ਉਸ ਦੇ ਉੱਪਰ 12 ਲੱਖ ਰੁਪਏ ਦਾ ਕਰਜ਼ ਹੋ ਗਿਆ।

ਪੁਲਸ ਨੇ ਦੱਸਿਆ ਕਿ ਰਾਜਾਮਾ 'ਤੇ ਪਿੰਡ ਵਾਲਿਆਂ ਨੇ ਉਧਾਰ ਚੁਕਾਉਣ ਦਾ ਦਬਾਅ ਬਣਾਇਆ। ਪਹਿਲਾਂ ਉਹ ਜਲਦ ਹੀ ਕਰਜ਼ ਉਤਾਰਨ ਦੀ ਗੱਲ ਕਹਿੰਦੀ ਰਹੀ ਪਰ ਉਹ ਅਜਿਹਾ ਨਹੀਂ ਕਰ ਸਕੀ। ਪਿੰਡ ਵਾਲਿਆਂ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਹ ਕੁਝ ਮਹੀਨੇ ਪਹਿਲਾਂ ਕੋਡਿਗੇਹੱਲੀ ਪਿੰਡ ਤੋਂ ਦੌੜ ਗਈ। ਪੁਲਸ ਨੇ ਦੱਸਿਆ ਕਿ ਰਾਜਾਮਾ ਨੂੰ ਕਰਜ਼ ਦੇਣ ਵਾਲੇ ਕੁਝ ਲੋਕਾਂ ਨੂੰ ਪਤਾ ਲੱਗਾ ਕਿ ਉਹ ਧਰਮਸਥਲਾ 'ਚ ਲੁਕੀ ਹੈ। ਉਹ ਲੋਕ ਉੱਥੇ ਗਏ ਅਤੇ ਉਸ ਨੂੰ ਖਿੱਚ ਕੇ ਉੱਥੋਂ ਪਿੰਡ ਵਾਪਸ ਲੈ ਗਏ। ਵੀਰਵਾਰ ਨੂੰ ਉਸ ਨੂੰ ਪਿੰਡ 'ਚ ਲੱਗੇ ਇਕ ਬਿਜਲੀ ਦੇ ਖੰਭੇ ਨਾਲ ਬੰਨ੍ਹ ਦਿੱਤਾ ਗਿਆ ਅਤੇ ਫਿਰ ਪਿੰਡ ਵਾਲਿਆਂ ਨੇ ਉਸ ਨੂੰ ਤੰਗ ਕੀਤਾ। ਕਿਸੇ ਨੇ ਇਸ ਘਟਨਾ ਦਾ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ। ਦੂਜੇ ਪਾਸੇ ਸੂਚਨਾ ਤੋਂ ਮੌਕੇ 'ਤੇ ਪੁੱਜੀ ਪੁਲਸ ਨੇ ਰਾਜਾਮਾ ਨੂੰ ਖੰਭੇ ਤੋਂ ਛੁਡਾਇਆ ਅਤੇ ਇਸ ਮਾਮਲੇ 'ਚ ਐੱਫ.ਆਈ.ਆਰ. ਦਰਜ ਕੀਤੀ। ਪੁਲਸ ਨੇ ਦੱਸਿਆ ਕਿ 8 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਬਾਕੀ ਲੋਕਾਂ ਦੀ ਤਲਾਸ਼ ਜਾਰੀ ਹੈ। ਪੁਲਸ ਉਨ੍ਹਾਂ ਲੋਕਾਂ ਦੀ ਤਲਾਸ਼ ਕਰ ਰਹੀ ਹੈ। ਜਲਦ ਹੀ ਹੋਰ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।


DIsha

Content Editor

Related News