ਕਰਜ਼ੇ ਤੋਂ ਪਰੇਸ਼ਾਨ ਕਿਸ਼ਾਨ ਨੂੰ ਪਿਆ ਦਿਲ ਦਾ ਦੌਰਾ, ਹੋਈ ਮੌਤ

11/27/2017 6:18:10 PM

ਹਮੀਰਪੁਰ,(ਰਵਿੰਦਰ ਸਿੰਘ)— ਉਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲੇ 'ਚ ਇਕ ਕਿਸਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਕਿਸਾਨ ਨੇ ਬੈਂਕ ਤੋਂ 3 ਲੱਖ 50 ਹਜ਼ਾਰ ਰੁਪਏ ਦਾ ਕਰਜ਼ ਲਿਆ ਸੀ ਪਰ ਫਸਲ ਖਰਾਬ ਹੋ ਜਾਣ ਕਾਰਨ ਕਿਸਾਨ ਬੈਂਕ ਦਾ ਕਰਜ਼ਾ ਨਹੀਂ ਦੇ ਸਕਿਆ। ਜਿਸ ਕਾਰਨ ਉਹ ਪਰੇਸ਼ਾਨ ਰਹਿਣ ਲੱਗਾ ਅਤੇ ਇਸ ਸਦਮੇ ਦੇ ਚੱਲਦੇ ਕਿਸਾਨ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਕੋਤਾਵਾਲੀ ਖੇਤਰ ਦੇ ਪਿੰਡ ਅਕੌਨਾ ਨਿਵਾਸੀ 70 ਸਾਲ ਬੁੱਧਪ੍ਰਕਾਸ਼ ਐਤਵਾਰ ਨੂੰ ਆਪਣੇ ਖੇਤ 'ਤੇ ਹੋ ਰਹੇ ਪਲੇਵਾ ਨੂੰ ਦੇਖਣ ਗਿਆ ਸੀ। ਜਿਸ ਤੋਂ ਬਾਅਦ ਜਦੋਂ ਉਹ ਵਾਪਸ ਘਰ ਪਰਤਣ ਲੱਗਾ ਤਾਂ ਰਸਤੇ 'ਚ ਹੀ ਉਸ ਦੇ ਸੀਨੇ 'ਚ ਅਚਾਨਕ ਜ਼ੋਰਦਾਰ ਦੀ ਦਰਦ ਹੋਈ। ਜਿਸ ਤੋਂ ਬਾਅਦ ਉਥੇ ਮੌਜੂਦ ਲੋਕਾਂ ਨੇ ਉਸ ਨੂੰ ਤੁਰੰਤ ਸਥਾਨਕ ਹਸਪਤਾਲ ਪਹੁੰਚਾਇਆ, ਜਿੱਥੇ ਮੌਜੂਦ ਸਟਾਫ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਮ੍ਰਿਤਕ ਦੇ ਪੁੱਤਰ ਪ੍ਰਕਾਸ਼ ਰਾਜਪੂਤ ਨੇ ਦੱਸਿਆ ਕਿ ਉਸ ਦੇ ਪਿਤਾ ਦੇ ਨਾਂ 45 ਏਕੜ ਜ਼ਮੀਨ ਹੈ। ਕਾਫੀ ਸਮੇਂ ਤੋਂ ਮੌਸਮ ਵਲੋਂ ਸਾਥ ਨਾ ਦੇਣ ਦੇ ਚੱਲਦੇ ਖੇਤੀ ਘਾਟੇ 'ਚ ਸੀ। ਜਿਸ ਲਈ ਪਿਤਾ ਨੇ ਸੰਨ 2013 'ਚ ਇਲਾਹਾਬਾਦ ਯੂ. ਪੀ. ਗ੍ਰਾਮੀਣ ਬੈਂਕ ਰਾਠ ਤੋਂ ਕਰਜ਼ਾ ਲਿਆ ਸੀ। ਉਨ੍ਹਾਂ ਨੇ ਉਸ ਸਮੇਂ ਸੋਚਿਆ ਸੀ ਕਿ ਫਸਲ ਵੇਚ ਕੇ ਕਰਜ਼ ਚੁਕਾਉਂਦੇ ਜਾਵਾਂਗੇ ਪਰ ਮੌਸਮ ਵਲੋਂ ਸਾਥ ਨਾ ਦੇਣ ਕਾਰਨ ਫਸਲ ਖਰਾਬ ਹੋ ਗਈ, ਜਿਸ ਦੇ ਚੱਲਦੇ ਕਰਜ਼ ਨਹੀਂ ਚੁਕਾਇਆ ਜਾ ਸਕਿਆ। ਜਿਸ ਕਾਰਨ ਉਹ ਪਰੇਸ਼ਾਨ ਰਹਿਣ ਲੱਗੇ ਅਤੇ ਇਸ ਸਦਮੇ ਦੇ ਚੱਲਦੇ ਉਨ੍ਹਾਂ ਨੂੰ ਦਿਲ ਦੌਰਾ ਪੈ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।