ਭਾਰਤ 'ਚ ਬਣੇ ਇਨ੍ਹਾਂ 4 ਕਫ-ਸਿਰਪ ਨੂੰ ਲੈ ਕੇ ਚਿਤਾਵਨੀ, ਗਾਂਬੀਆ 'ਚ 66 ਬੱਚਿਆਂ ਦੀ ਗਈ ਜਾਨ

10/06/2022 3:34:33 PM

ਨਵੀਂ ਦਿੱਲੀ- ਗਾਂਬੀਆ 'ਚ 66 ਬੱਚਿਆਂ ਦੀ ਮੌਤ ਤੋਂ ਬਾਅਦ ਮੇਡਨ ਫਾਰਮਾਸਿਊਟੀਕਲਸ ਲਿਮਿਟੇਡ ਆਫ਼ ਇੰਡੀਆ ਵਿਵਾਦਾਂ 'ਚ ਘਿਰ ਗਈ ਹੈ। ਡਬਲਿਯੂ.ਐੱਚ.ਓ. ਨੇ ਇਕ ਅਲਰਟ ਜਾਰੀ ਕਰਕੇ ਇਹ ਚਿਤਾਵਨੀ ਦਿੱਤੀ ਹੈ ਕਿ ਮੇਡਨ ਫਾਰਮਾਸਿਊਟੀਕਲਸ ਲਿਮਿਟੇਡ ਆਫ ਇੰਡੀਆ ਵੱਲੋਂ ਬਣਾਏ ਗਏ 4 ਕਫ ਸਿਰਪ (ਖੰਘ ਵਾਲੀ ਦਵਾਈ) ਗੁਰਦੇ ਦੀਆਂ ਗੰਭੀਰ ਬੀਮਾਰੀਆਂ ਅਤੇ ਗਾਂਬੀਆ 'ਚ 66 ਬੱਚਿਆਂ ਦੀ ਮੌਤ ਲਈ ਜ਼ਿੰਮੇਵਾਰ ਹੋ ਸਕਦੇ ਹਨ। ਰਿਪੋਰਟਾਂ ਦੇ ਅਨੁਸਾਰ, ਇਨ੍ਹਾਂ ਸਿਰਪਾਂ 'ਚ ਡਾਇਥਾਈਲੀਨ ਗਲਾਈਕੋਲ ਅਤੇ ਈਥੀਲੀਨ ਗਲਾਈਕੋਲ ਦੀ ਬਹੁਤ ਜ਼ਿਆਦਾ ਮਾਤਰਾ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਹ ਮਨੁੱਖਾਂ ਲਈ ਬਹੁਤ ਖ਼ਤਰਨਾਕ ਹੈ। ਮੌਜੂਦਾ ਸਮੇਂ ਡਬਲਿਯੂ.ਐੱਚ.ਓ. ਫਾਰਮਾਸਿਊਟੀਕਲ ਕੰਪਨੀ ਅਤੇ ਹੋਰ ਸੰਸਥਾਵਾਂ ਨਾਲ ਸਬੰਧਤ ਜਾਂਚ ਕਰ ਰਹੀ ਹੈ। ਡਬਲਿਯੂ.ਐੱਚ.ਓ. ਨੇ ਆਪਣੇ ਟਵੀਟ 'ਚ ਇਹ ਵੀ ਲਿਖਿਆ ਹੈ ਕਿ ਮੌਜੂਦਾ ਸਮੇਂ ਗਾਂਬੀਆ ਤੋਂ ਇਸ ਦੂਸ਼ਿਤ ਦਵਾਈ ਦੀ ਪੁਸ਼ਟੀ ਹੋਈ ਹੈ ਪਰ ਦੂਜੇ ਦੇਸ਼ਾਂ ਦੇ ਬਾਜ਼ਾਰਾਂ 'ਚ ਇਸ ਦੇ ਵਿਕਣ ਦੀ ਪੂਰੀ ਸੰਭਾਵਨਾ ਹੈ। ਅਜਿਹੇ 'ਚ ਸਾਰੇ ਦੇਸ਼ਾਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਇਨ੍ਹਾਂ ਦਵਾਈਆਂ ਦੀ ਪਛਾਣ ਕਰਨ ਅਤੇ ਸਮੇਂ 'ਤੇ ਇਨ੍ਹਾਂ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਣ। ਡਬਲਿਯੂ.ਐੱਚ.ਓ. ਨੇ ਕਿਹਾ ਹੈ ਕਿ ਖੰਘ ਦੇ ਚਾਰੇ ਨਮੂਨਿਆਂ ਦੇ ਪ੍ਰਯੋਗਸ਼ਾਲਾ ਦੇ ਟੈਸਟਾਂ 'ਚ ਡਾਈਥਾਈਲੀਨ ਗਲਾਈਕੋਲ ਅਤੇ ਐਥੀਲੀਨ ਗਲਾਈਕੋਲ ਦੀ ਬਹੁਤ ਜ਼ਿਆਦਾ ਮਾਤਰਾ ਪਾਈ ਗਈ ਹੈ, ਜੋ ਬੱਚਿਆਂ ਲਈ ਬਹੁਤ ਨੁਕਸਾਨਦੇਹ ਅਤੇ ਘਾਤਕ ਸਾਬਤ ਹੋ ਸਕਦੀ ਹੈ।

 

PunjabKesari

ਰਿਪੋਰਟਾਂ ਦੇ ਅਨੁਸਾਰ, ਇਨ੍ਹਾਂ ਚਾਰ ਦੂਸ਼ਿਤ ਦਵਾਈਆਂ ਦੇ ਨਾਮ ਹਨ ਪ੍ਰੋਮੇਥਾਜ਼ੀਨ ਓਰਲ ਸਲਿਊਸ਼ਨ (Promethazine Oral Solution), ਕੋਫੈਕਸਮਲੀਨ ਬੇਬੀ ਕਾਫ਼ ਸਿਰਪ (Kofexmalin Baby Cough Syrup), ਮੇਕਓਫ ਬੇਬੀ ਕਾਫ਼ ਸਿਰਪ (Makoff Baby Cough Syrup) ਅਤੇ ਮਗਰੀਪ ਐਂਡ ਕੋਲਡ ਸਿਰਪ (Magrip N Cold Syrup)। ਡਬਲਿਊ.ਐੱਚ.ਓ. ਦੇ ਡਾਇਰੈਕਟਰ-ਜਨਰਲ ਟੇਡਰਾਸ ਅਧਨੋਮ ਹਿਬ੍ਰੀਜ਼ਸ (Tedros Adhanom Ghebreyesus) ਨੇ ਵੀ ਬੁੱਧਵਾਰ ਨੂੰ ਇਸ ਸਬੰਧ 'ਚ ਇਕ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਸੀ ਕਿ ਭਾਰਤੀ ਕੰਪਨੀ ਮੇਡਨ ਫਾਰਮਾ ਦੇ ਇਨ੍ਹਾਂ ਚਾਰ ਖੰਘ ਦੇ ਸਿਰਪ ਦੀ ਜਾਂਚ ਚੱਲ ਰਹੀ ਹੈ। ਦੂਜੇ ਦੇਸ਼ਾਂ ਨੂੰ ਵੀ ਇਸ ਬਾਰੇ ਸੁਚੇਤ ਰਹਿਣ ਦੀ ਲੋੜ ਹੈ। ਇਸ ਕਫ਼ ਸਿਰਪ ਨਾਲ ਹੋਣ ਵਾਲੇ ਨੁਕਸਾਨ ਦੇ ਮਾਮਲੇ ਪਹਿਲੀ ਵਾਰ ਜੁਲਾਈ 'ਚ ਸਾਹਮਣੇ ਆਏ ਸਨ। ਇਸ ਵਿਚ ਦੱਸਿਆ ਗਿਆ ਸੀ ਕਿ ਇਸ ਕਫ ਸਿਰਪ ਵਿਚ ਵਰਤੇ ਜਾਣ ਵਾਲੇ ਰਸਾਇਣ ਜ਼ਹਿਰੀਲੇ ਹਨ ਅਤੇ ਸਰੀਰ 'ਤੇ ਖ਼ਤਰਨਾਕ ਪ੍ਰਭਾਵ ਪਾ ਸਕਦੇ ਹਨ। ਇਨ੍ਹਾਂ ਦੀ ਵਰਤੋਂ ਕਰਨ ਵਾਲੇ ਬੱਚਿਆਂ 'ਚ ਢਿੱਡ ਦਰਦ, ਉਲਟੀ-ਦਸਤ, ਪਿਸ਼ਾਬ ਕਰਨ 'ਚ ਮੁਸ਼ਕਲ, ਸਿਰ ਦਰਦ ਵਰਗੇ ਲੱਛਣ ਦੱਸੇ ਗਏ ਹਨ।

ਡਬਲਿਊ.ਐੱਚ.ਓ. ਦੇ ਟਵੀਟ ਦੇ ਡੇਢ ਘੰਟੇ ਦੇ ਅੰਦਰ ਹੀ ਸੀ.ਡੀ.ਐੱਸ.ਸੀ.ਓ. ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਸੀ। ਸੂਤਰਾਂ ਅਨੁਸਾਰ ਇਸ ਮਾਮਲੇ ਨਾਲ ਸਬੰਧਤ ਤੱਥਾਂ ਦੀ ਪੁਸ਼ਟੀ ਲਈ ਸੂਬੇ ਦੇ ਡਰੱਗ ਕੰਟਰੋਲਰ ਨੂੰ ਵੀ ਜਾਂਚ 'ਚ ਸ਼ਾਮਲ ਕੀਤਾ ਗਿਆ ਸੀ। ਦੱਸ ਦਈਏ ਕਿ ਉਕਤ ਫਾਰਮਾਸਿਊਟੀਕਲ ਕੰਪਨੀ ਹਰਿਆਣਾ ਨਾਲ ਸਬੰਧਤ ਹੈ। ਮੁਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਮੇਡਨ ਫਾਰਮਾਸਿਊਟੀਕਲ ਲਿਮਟਿਡ ਹਰਿਆਣਾ ਦੇ ਸੋਨੀਪਤ 'ਚ ਸਥਿਤ ਹੈ। ਇਹ ਕੰਪਨੀ ਸਟੇਟ ਡਰੱਗ ਕੰਟਰੋਲਰ ਦੁਆਰਾ ਲਾਇਸੰਸਸ਼ੁਦਾ ਹੈ। ਜਾਂਚ ਅਨੁਸਾਰ ਜਿਨ੍ਹਾਂ ਨਸ਼ੀਲੇ ਪਦਾਰਥਾਂ ਤੋਂ ਮੌਤ ਦਾ ਮਾਮਲਾ ਸਾਹਮਣੇ ਆ ਰਿਹਾ ਹੈ, ਉਹ ਗਾਂਬੀਆ ਨੂੰ ਹੀ ਬਰਾਮਦ ਕੀਤਾ ਗਿਆ ਸੀ। ਹਾਲਾਂਕਿ, ਡਬਲਿਯੂ.ਐੱਚ.ਓ. ਨੇ ਦੂਜੇ ਦੇਸ਼ਾਂ ਨੂੰ ਵੀ ਸੁਚੇਤ ਕੀਤਾ ਹੈ ਕਿਉਂਕਿ ਇਹ ਦਵਾਈਆਂ ਅਨਿਯਮਿਤ ਤੌਰ 'ਤੇ ਦੂਜੇ ਦੇਸ਼ਾਂ 'ਚ ਪਹੁੰਚਾਏ ਜਾਣ ਦੀ ਸੰਭਾਵਨਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News