ਮਹਾਰਾਸ਼ਟਰ ''ਚ ਮੀਂਹ ਨਾਲ ਹੋਏ ਹਾਦਸਿਆਂ ''ਚ 164 ਲੋਕਾਂ ਦੀ ਮੌਤ, 100 ਹਾਲੇ ਵੀ ਲਾਪਤਾ

07/26/2021 3:47:59 PM

ਮੁੰਬਈ- ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ 'ਚ 11, ਵਰਧਾ ਅਤੇ ਅਕੋਲਾ 'ਚ 2-2 ਲੋਕਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਮੀਂਹ ਨਾਲ ਹੋਏ ਹਾਦਸਿਆਂ 'ਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੋ ਸੋਮਵਾਰ ਨੂੰ 164 ਹੋ ਗਈ, ਜਦੋਂ ਕਿ 100 ਲੋਕ ਹਾਲੇ ਵੀ ਲਾਪਤਾ ਹਨ। ਇਸ ਵਿਚ ਮੱਧ ਰੇਲਵੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੋਹਲੇਧਾਰ ਮੀਂਹ ਕਾਰਨ ਇੱਥੇ ਦੇ ਕੁਝ ਮਾਰਗਾਂ 'ਤੇ ਟਰੇਨ ਆਵਾਜਾਈ ਰੁਕਣ ਨਾਲ 4 ਦਿਨਾਂ ਬਾਅਦ ਗੁਆਂਢੀ ਜ਼ਿਲ੍ਹਿਆਂ ਠਾਣੇ, ਨਾਸਿਕ ਅਤੇ ਪੁਣੇ ਦੇ ਥਾਲ ਅਤੇ ਭੋਰ ਘਾਟ ਖੇਤਰਾਂ 'ਚ ਸਾਰੀਆਂ ਰੇਲ ਲਾਈਨਾਂ 'ਤੇ ਸੇਵਾਵਾਂ ਸੋਮਵਾਰ ਸਵੇਰੇ ਬਹਾਲ ਕੀਤੀਆਂ ਗਈਆਂ। ਰਾਜ ਸਰਕਾਰ ਨੇ ਇਕ ਬਿਆਨ 'ਚ ਕਿਹਾ ਕਿ ਪ੍ਰਭਾਵਿਤ ਖੇਤਰਾਂ ਤੋਂ ਹੁਣਤੱਕ 2,29,074 ਲੋਕਾਂ ਨੂੰ ਬਾਹਰ ਕੱਢਿਆ ਜਾ ਚੁਕਿਆ ਹੈ। ਉਸ ਨੇ ਦੱਸਿਆ ਕਿ ਹੁਣ ਤੱਕ ਰਾਏਗੜ੍ਹ ਜ਼ਿਲ੍ਹੇ 'ਚ 71, ਸਤਾਰਾ 'ਚ 41, ਰਤਨਾਗਿਰੀ 'ਚ 21, ਠਾਣੇ 'ਚ 12, ਕੋਲਹਾਪੁਰ 'ਚ 7, ਮੁੰਬਈ 'ਚ 4 ਅਤੇ ਸਿੰਧੂਦੁਰਗ, ਪੁਣੇ, ਵਰਧਾ ਅਤੇ ਅਕੋਲਾ 'ਚ 2-2 ਲੋਕਾਂ ਦੀ ਮੌਤ ਹੋ ਚੁਕੀ ਹੈ। ਰਾਜ ਸਰਕਾਰ ਨੇ ਬਿਆਨ 'ਚ ਦੱਸਿਆ ਕਿ ਇਸ ਤੋਂ ਇਲਾਵਾ ਮੀਂਹ ਨਾਲ ਸੰਬੰਧਤ ਘਟਨਾਵਾਂ 'ਚ 56 ਲੋਕ ਜ਼ਖਮੀ ਹੋਏ ਹਨ, ਜਦੋਂ ਕਿ 100 ਲੋਕ ਹਾਲੇ ਵੀ ਲਾਪਤਾ ਹਨ।

ਰਾਏਗੜ੍ਹ 'ਚ 53, ਸਤਾਰਾ 'ਚ 27, ਰਤਨਾਗਿਰੀ 'ਚ 14, ਠਾਣੇ 'ਚ 4, ਸਿੰਧੂਦੁਰਗ ਅਤੇ ਕੋਲਹਾਪੁਰ 'ਚ 1-1 ਵਿਅਕਤੀ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਹੈ। ਬਿਆਨ 'ਚ ਦੱਸਿਆ ਗਿਆ ਹੈ ਕਿ ਹੁਣ ਤੱਕ ਰਾਏਗੜ੍ਹ 'ਚ 34, ਮੁੰਬਈ ਅਤੇ ਰਤਨਾਗਿਰੀ 'ਚ 7-7, ਠਾਣੇ 'ਚ 6 ਅਤੇ ਸਿੰਧੂਦੁਰਗ 'ਚ 2 ਲੋਕ ਜ਼ਖਮੀ ਹੋਏ ਹਨ। ਉੱਪ ਮੁੱਖ ਮੰਤਰੀ ਅਜੀਤ ਪਵਾਰ ਨੇ ਸੋਮਵਾਰ ਨੂੰ ਸਾਂਗਲੀ ਜ਼ਿਲ੍ਹੇ ਦੇ ਮੀਂਹ ਪ੍ਰਭਾਵਿਤ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਕੁਝ ਇਲਾਕਿਆਂ 'ਚ ਹੜ੍ਹ ਪੀੜਤਾਂ ਤੱਕ ਪਹੁੰਚਣ ਲਈ ਬਚਾਅ ਕਿਸ਼ਤੀ ਦੀ ਵਰਤੋਂ ਕੀਤੀ। ਪਵਾਰ ਨੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਦੇ ਮੁੜ ਵਸੇਬੇ ਅਤੇ ਰਾਜ ਸਰਕਾਰ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਊਧਵ ਠਾਕਰੇ ਨੇ ਐਤਵਾਰ ਨੂੰ ਕੌਂਕਣ ਖੇਤਰ ਦੇ ਰਤਨਾਗਿਰੀ ਜ਼ਿਲ੍ਹੇ 'ਚ ਭਿਆਨਕ ਹੜ੍ਹ ਨਾਲ ਪੀੜਤ ਚਿਪਲੂਨ ਦਾ ਦੌਰਾ ਕੀਤਾ ਸੀ ਅਤੇ ਉੱਥੋਂ ਦੇ ਵਾਸੀਆਂ, ਕਾਰੋਬਾਰੀਆਂ ਅਤੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਖੇਤਰ 'ਚ ਆਮ ਸਥਿਤੀ ਹਾਲ ਕਰਨ ਲਈ ਰਾਜ ਸਰਕਾਰ ਵਲੋਂ ਹਰ ਸੰਭਵ ਮਦਦ ਦਾ ਵਾਅਦਾ ਕੀਤਾ ਸੀ।

DIsha

This news is Content Editor DIsha