ਭਾਰਤ ''ਚ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ 8 ਹਜ਼ਾਰ ਤੋਂ ਘੱਟ ਹੀ ਰਹੇਗੀ : ਮਾਹਰ

05/26/2020 4:05:04 PM

ਬੈਂਗਲੁਰੂ- ਪ੍ਰਮੁੱਖ ਲੋਕ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਵਿਚ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ 8 ਹਜ਼ਾਰ ਤੋਂ ਘੱਟ ਰਹੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਕੇਰਲ, ਪੰਜਾਬ ਅਤੇ ਹਰਿਆਣਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦਾ ਸਮਾਂ ਹੁਣ ਨਿਕਲ ਚੁੱਕਾ ਹੈ। ਭਾਰਤੀ ਲੋਕ ਸਿਹਤ ਸੰਸਥਾ (ਹੈਦਰਾਬਾਦ) ਦੇ ਨਿਰਦੇਸ਼ਕ ਪ੍ਰੋਫੈਸਰ ਜੀ. ਵੀ. ਐੱਸ. ਮੂਰਤੀ ਨੇ ਕਿਹਾ ਕਿ ਕੋਵਿਡ-19 ਨਾਲ ਨਜਿੱਠਣ ਲਈ ਭਾਰਤ ਨੂੰ ਇਕਾਈ ਦੇ ਰੂਪ ਵਿਚ ਨਹੀਂ ਦੇਖਿਆ ਜਾਣਾ ਚਾਹੀਦਾ ਕਿਉਂਕਿ ਸੂਬਿਆਂ ਅਤੇ ਜ਼ਿਲ੍ਹਿਆਂ ਵਿਚ ਜਨਸੰਖਿਆ ਵੱਖ-ਵੱਖ ਹੈ, ਇਸ ਦੇ ਨਾਲ ਹੀ ਸਿਹਤ ਪ੍ਰਣਾਲੀ ਅਤੇ ਸਿੱਖਿਆ ਦਾ ਪੱਧਰ ਵੀ ਵੱਖਰਾ-ਵੱਖਰਾ ਹੈ। 

ਉਨ੍ਹਾਂ ਕਿਹਾ,"ਇਸ ਲਈ ਜ਼ਰੂਰੀ ਹੈ ਕਿ ਵਧਦੇ ਮਾਮਲਿਆਂ ਬਾਰੇ ਸੂਬੇ ਅਤੇ ਜ਼ਿਲ੍ਹਾ ਪੱਧਰ 'ਤੇ ਗੱਲ ਕੀਤੀ ਜਾਵੇ।" ਪ੍ਰੋਫੈਸਰ ਮੂਰਤੀ ਨੇ ਕਿਹਾ ਕਿ ਪ੍ਰਤੀ 10 ਲੱਖ ਦੀ ਆਬਾਦੀ 'ਤੇ ਜਿੱਥੇ 25 ਅਪ੍ਰੈਲ ਤੱਕ ਭਾਰਤ ਵਿਚ 17.6 ਮਾਮਲੇ ਸਨ, ਉੱਥੇ 25 ਮਈ ਤੱਕ ਪ੍ਰਤੀ 10 ਲੱਖ 'ਤੇ ਵੱਧ ਕੇ 99.9 ਹੋ ਗਏ ਹਨ। ਮਹਾਰਾਸ਼ਟਰ ਵਿਚ 25 ਅਪ੍ਰੈਲ ਨੂੰ ਪ੍ਰਤੀ 10 ਲੱਖ ਆਬਾਦੀ 'ਤੇ 6.19 ਮਾਮਲੇ ਸਨ ਜੋ ਕਿ 25 ਮਈ ਤੱਕ ਵੱਧ ਕੇ 383 ਹੋ ਗਏ। ਉਨ੍ਹਾਂ ਕਿਹਾ ਕਿ ਤਾਮਿਲਨਾਡੂ ਦੀ ਗੱਲ ਕਰੀਏ ਤਾਂ 25 ਅਪ੍ਰੈਲ ਨੂੰ ਪ੍ਰਤੀ 10 ਲੱਖ ਆਬਾਦੀ 'ਤੇ 140 ਮਾਮਲੇ ਸਨ ਜੋ ਉਹ 25 ਮਈ ਨੂੰ 690 ਹੋ ਗਏ।

ਪ੍ਰੋਫੈਸਰ ਨੇ ਕਿਹਾ ਕਿ ਲੱਗਦਾ ਹੈ ਕਿ ਮਹਾਰਾਸ਼ਟਰ, ਤਾਮਿਲਨਾਡੂ, ਗੁਜਰਾਤ ਅਤੇ ਦਿੱਲੀ ਵਿਚ ਮਾਮਲੇ ਹੁਣ ਤੇਜ਼ੀ ਨਾਲ ਵਧਣ ਵੱਲ ਹਨ। ਕਿਹਾ ਜਾ ਰਿਹਾ ਕਿ ਅਜਿਹਾ ਜੂਨ ਦੀ ਸ਼ੁਰੂਆਤ ਤੋਂ ਜੁਲਾਈ ਮੱਧ ਤੱਕ ਹੋ ਸਕਦਾ ਹੈ। ਜਾਨ ਗੁਆਉਣ ਵਾਲਿਆਂ ਦੀ ਗਿਣਤੀ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਨਿਯਮਾਂ ਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਚੰਗੀ ਤਰ੍ਹਾਂ ਕੀਤੀ ਗਈ ਅਤੇ ਹਸਪਤਾਲਾਂ ਵਿਚ ਸੁਵਿਧਾਵਾਂ ਮਿਲੀਆਂ ਤਾਂ 7500-8000 ਤੋਂ ਘੱਟ ਹੀ ਲੋਕਾਂ ਦੀ ਜਾਨ ਜਾਵੇਗੀ। ਇਸ ਦਾ ਮਤਲਬ ਹੈ ਕਿ ਪ੍ਰਤੀ 10 ਲੱਖ ਲੋਕਾਂ ਵਿਚੋਂ 4 ਜਾਂ 5 ਲੋਕਾਂ ਦੀ ਹੀ ਜਾਨ ਜਾਵੇਗੀ।


Sanjeev

Content Editor

Related News