ਗਾਜ਼ੀਪੁਰ ਸਰਹੱਦ ’ਤੇ ਕਿਸਾਨ ਦੀ ਮੌਤ ਪਰੇਸ਼ਾਨ ਕਰਨ ਵਾਲੀ: ਅਖਿਲੇਸ਼

01/02/2021 3:20:43 PM

ਲਖਨਊ (ਭਾਸ਼ਾ)— ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਗਾਜ਼ੀਪੁਰ ਸਰਹੱਦ ’ਤੇ ਕਿਸਾਨ ਅੰਦੋਲਨ ਦੌਰਾਨ ਇਕ ਕਿਸਾਨ ਦੀ ਮੌਤ ’ਤੇ ਸੋਗ ਪ੍ਰਗਟ ਕੀਤਾ ਅਤੇ ਸੱਤਾਧਾਰੀ ਭਾਜਪਾ ’ਤੇ ਬੇਰਹਿਮ ਹੋਣ ਦਾ ਦੋਸ਼ ਲਾਇਆ। ਸ਼ਨੀਵਾਰ ਯਾਨੀ ਕਿ ਅੱਜ ਯਾਦਵ ਨੇ ਇਕ ਟਵੀਟ ਕਰਦਿਆਂ ਕਿਹਾ ਕਿ ਨਵੇਂ ਸਾਲ ਦੇ ਪਹਿਲੇ ਦਿਨ ਕਿਸਾਨ ਅੰਦੋਲਨ ਦੌਰਾਨ ਗਾਜ਼ੀਪੁਰ ਸਰਹੱਦ ’ਤੇ ਇਕ ਕਿਸਾਨ ਦੀ ਸ਼ਹਾਦਤ ਦੀ ਖ਼ਬਰ ਪਰੇਸ਼ਾਨ ਕਰਨ ਵਾਲੀ ਹੈ। ਸੰਘਣੀ ਧੁੰਦ ਅਤੇ ਠੰਡ ਵਿਚ ਕਿਸਾਨ ਲਗਾਤਾਰ ਆਪਣੇ ਜੀਵਨ ਦਾ ਬਲੀਦਾਨ ਦੇ ਰਹੇ ਹਨ ਪਰ ਸੱਤਾਧਾਰੀ ਨਿਰਦਈ ਬਣੇ ਬੈਠੇ ਹਨ। ਭਾਜਪਾ ਵਰਗੀ ਸੱਤਾ ਦਾ ਇੰਨਾ ਹੰਕਾਰ ਅਤੇ ਇੰਨੀ ਬੇਰਹਿਮੀ ਹੁਣ ਤੱਕ ਕਦੇ ਨਹੀਂ ਵੇਖੀ ਗਈ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨ ਦੀ ਸ਼ੁੱਕਰਵਾਰ ਯਾਨੀ ਕਿ 1 ਜਨਵਰੀ 2021 ਨੂੰ ਗਾਜ਼ੀਪੁਰ ਸਰਹੱਦ ’ਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਕ ਅਧਿਕਾਰੀ ਮੁਤਾਬਕ ਬਾਗਪਤ ਜ਼ਿਲ੍ਹੇ ਦੇ ਭਗਵਾਨਪੁਰ ਨਾਂਗਲ ਪਿੰਡ ਦੇ ਵਾਸੀ ਮੋਹਰ ਸਿੰਘ (57) ਨੂੰ ਨੇੜੇ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਕਰ ਦਿੱਤਾ। ਕਿਸਾਨ ਜਥੇਬੰਦੀ (ਭਾਰਤੀ ਕਿਸਾਨ ਯੂਨੀਅਨ) ਦੇ ਪ੍ਰਦੇਸ਼ ਪ੍ਰਧਾਨ ਰਾਜਬੀਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਜਿਨ੍ਹਾਂ ਕਿਸਾਨਾਂ ਦੀ ਮੌਤ ਹੋਈ ਹੈ, ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ। 

Tanu

This news is Content Editor Tanu