ਇਕ ਬਕਰੀ ਦੀ ਮੌਤ ਕੰਪਨੀ ਨੂੰ ਪਈ ਭਾਰੀ, 2.68 ਕਰੋੜ ਦਾ ਹੋਇਆ ਨੁਕਸਾਨ

10/03/2019 5:52:05 PM

ਭੁਵਨੇਸ਼ਵਰ— ਓਡੀਸ਼ਾ 'ਚ ਬਕਰੀ ਦੀ ਮੌਤ ਕਾਰਨ ਇਕ ਕੰਪਨੀ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਕੋਲਾ ਉਤਪਾਦਨ ਕਰਨ ਵਾਲੀ 'ਮਹਾਨਦੀ ਕੋਲਫੀਲਡਸ ਲਿਮਟਿਡ' ਕੰਪਨੀ ਨੂੰ ਇਕ ਬਕਰੀ ਦੀ ਮੌਤ ਭਾਰੀ ਪੈ ਗਈ। ਬਕਰੀ ਦੀ ਮੌਤ ਤੋਂ ਨਾਰਾਜ਼ ਪਿੰਡ ਵਾਸੀਆਂ ਨੇ ਇੰਨਾ ਵੱਡਾ ਅੰਦੋਲਨ ਛੇੜ ਦਿੱਤਾ ਕਿ ਕੰਪਨੀ ਨੂੰ 2.68 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਬਸ ਇੰਨਾ ਹੀ ਕੰਪਨੀ ਦੇ ਨਾਲ ਹੀ ਸਰਕਾਰੀ ਖਜ਼ਾਨੇ ਨੂੰ ਵੀ 46 ਲੱਖ ਦਾ ਨੁਕਸਾਨ ਹੋ ਗਿਆ। 

ਦਰਅਸਲ ਕੋਲਾ ਟਰਾਂਸਪੋਰਟ ਡੰਪਰ ਦੀ ਲਪੇਟ 'ਚ ਆਉਣ ਕਾਰਨ ਬਕਰੀ ਦੀ ਮੌਤ ਹੋ ਗਈ ਸੀ। ਇਹ ਘਟਨਾ ਮੰਗਲਵਾਰ ਦੀ ਹੈ। ਕੋਲਾ ਕੰਪਨੀ ਦੀ ਇਕ ਗੱਡੀ ਕੋਲਾ ਲੈ ਕੇ ਜਾ ਰਹੀ ਸੀ। ਰਸਤੇ ਵਿਚ ਡੰਪਰ ਦੇ ਸਾਹਮਣੇ ਇਕ ਬਕਰੀ ਆ ਗਈ ਅਤੇ ਉਸ ਦੀ ਮੌਤ ਹੋ ਗਈ। ਬਕਰੀ ਦੀ ਮੌਤ ਤੋਂ ਬਾਅਦ ਸਥਾਨਕ ਵਾਸੀ ਨੇ 60 ਹਜ਼ਾਰ ਰੁਪਏ ਮੁਆਵਜ਼ੇ ਦੀ ਮੰਗ ਕੀਤੀ। ਲੋਕਾਂ ਵਲੋਂ ਛੇੜੇ ਅੰਦੋਲਨ ਕਾਰਨ ਹੰਗਾਮਾ ਇੰਨਾ ਵਧ ਗਿਆ ਕਿ ਕੋਲਾ ਟਰਾਂਸਪੋਰਟ ਦਾ ਕੰਮ ਰੋਕ ਦਿੱਤਾ ਗਿਆ। 

ਦੱਸਿਆ ਜਾਂਦਾ ਹੈ ਕਿ ਸਵੇਰੇ 11 ਵਜੇ ਕੋਲਾ ਟਰਾਂਸਪੋਰਟ ਦਾ ਕੰਮ ਰੋਕ ਦਿੱਤਾ ਗਿਆ। ਪੁਲਸ ਦੀ ਦਖਲ ਅੰਦਾਜ਼ੀ ਤੋਂ ਬਾਅਦ  ਦੁਪਹਿਰ ਢਾਈ ਵਜੇ ਕੰਮ ਫਿਰ ਸ਼ੁਰੂ ਹੋ ਸਕਿਆ। ਕੰਮ ਰੁੱਕਣ ਕਾਰਨ ਕੰਪਨੀ ਨੂੰ 2.68 ਕਰੋੜ ਰੁਪਏ ਦਾ ਨੁਕਸਾਨ ਹੋਇਆ। ਫਿਲਹਾਲ ਕੰਪਨੀ ਨੇ ਗੈਰ-ਕਾਨੂੰਨੀ ਤਰੀਕੇ ਨਾਲ ਕੰਮ ਰੋਕਣ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਜ਼ਰੂਰੀ ਕਾਰਵਾਈ ਕੀਤੇ ਜਾਣ ਲਈ ਸਥਾਨਕ ਪੁਲਸ ਵਿਚ ਐੱਫ. ਆਈ. ਆਰ. ਦਰਜ ਕਰਵਾਈ ਹੈ। 

Tanu

This news is Content Editor Tanu