ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਈਆਂ ਭਿਆਨਕ ਤਸਵੀਰਾਂ, ਗੰਗਾ ਕੰਢੇ ਰੇਤ ’ਚ ਦੱਬੀਆਂ ਲਾਸ਼ਾਂ

05/18/2021 4:16:53 PM

ਪ੍ਰਯਾਗਰਾਜ— ਕੋਰੋਨਾ ਕਾਲ ਦੌਰਾਨ ਗੰਗਾ ਕੰਢੇ ਲਾਸ਼ਾਂ ਦਾ ਮਿਲਣ ਦਾ ਸਿਲਸਿਲਾ ਜਾਰੀ ਹੈ। ਸੰਗਮ ਨਗਰੀ ਪ੍ਰਯਾਗਰਾਜ ਵਿਚ ਵੀ ਗੰਗਾ ਨਦੀ ਦੇ ਕੰਢੇ ਲਾਸ਼ਾਂ ਨੂੰ ਰੇਤ ’ਚ ਦਫਨਾਏ ਜਾਣ ਦਾ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਲਾਸ਼ਾਂ ਨੂੰ ਦਫ਼ਨ ਕਰਨ ਲਈ ਚਾਰੋਂ ਪਾਸੇ ਬਾਂਸ ਦੀ ਘੇਰਾਬੰਦੀ ਕੀਤੀ ਗਈ ਹੈ, ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਇੱਥੇ ਲਾਸ਼ਾਂ ਨੂੰ ਦਫ਼ਨ ਕੀਤਾ ਗਿਆ ਹੈ। ਅਜੇ ਵੀ ਲਾਸ਼ਾਂ ਨੂੰ ਰੇਤ ’ਚ ਦਫ਼ਨਾਏ ਜਾਣ ਦਾ ਸਿਲਸਿਲਾ ਜਾਰੀ ਹੈ। 

ਪ੍ਰਯਾਗਰਾਜ ’ਚ ਸ਼੍ਰੀਗਵੇਰਪੁਰ ਧਾਮ ਨੇੜੇ ਵੱਡੀ ਗਿਣਤੀ ’ਚ ਲਾਸ਼ਾਂ ਗੰਗਾ ਕੰਢੇ ਦਫ਼ਨਾਈਆਂ ਗਈਆਂ ਹਨ। ਹਾਲਾਂਕਿ ਲਾਸ਼ਾਂ ਦਾ ਸਸਕਾਰ ਕੀਤਾ ਜਾਂਦਾ ਹੈ ਪਰ ਕੋਰੋਨਾ ਦੀ ਦੂਜੀ ਲਹਿਰ ਕਾਰਨ ਮੌਤਾਂ ਦਾ ਅੰਕੜਾ ਵਧਿਆ ਤਾਂ ਘਾਟ ’ਤੇ ਹਰ ਦਿਨ ਸੈਂਕੜੇ ਦੀ ਗਿਣਤੀ ਵਿਚ ਲਾਸ਼ਾਂ ਨੂੰ ਦਫ਼ਨਾਏ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇੱਥੇ ਕਰੀਬ ਇਕ ਕਿਲੋਮੀਟਰ ਦੀ ਦੂਰੀ ’ਚ ਦਫ਼ਨ ਲਾਸ਼ਾਂ ਵਿਚਾਲੇ ਇਕ ਮੀਟਰ ਦਾ ਦਾ ਫ਼ਾਸਲਾ ਵੀ ਨਹੀਂ ਹੈ। ਅਜਿਹੇ ਵਿਚ ਗੰਗਾ ਕੰਢੇ ਗੰਦਗੀ ਫੈਲ ਰਹੀ ਹੈ।

ਪੁਲਸ ਦਾ ਪਹਿਰਾ ਵੀ ਕੋਈ ਕੰਮ ਨਹੀਂ ਆ ਰਿਹਾ ਹੈ। ਦਰਅਸਲ ਦਾਹ ਸਸਕਾਰ ਕਰਨ ਲਈ ਲੱਕੜਾਂ ਮਹਿੰਗੀਆਂ ਹੋ ਗਈਆਂ। ਲੱਕੜ ਠੇਕੇਦਾਰਾਂ ਨੇ ਵੀ ਲੋਕਾਂ ਨੂੰ ਜ਼ਿਆਦਾ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ ਹਨ। ਸਸਕਾਰ ਦਾ ਸਾਮਾਨ ਵੀ ਮਹਿੰਗਾ ਹੋ ਗਿਆ। ਜਿਸ ਤੋਂ ਬਾਅਦ ਮਜਬੂਰਨ ਲੋਕਾਂ ਨੇ ਸਸਕਾਰ ਦੀ ਬਜਾਏ ਲਾਸ਼ਾਂ ਨੂੰ ਦਫ਼ਨਾਉਣਾ ਸ਼ੁਰੂ ਕਰ ਦਿੱਤਾ।

ਓਧਰ ਘਾਟ ’ਤੇ ਪੂਜਾ-ਪਾਠ ਕਰਨ ਵਾਲੇ ਪੰਡਤਾਂ ਦਾ ਕਹਿਣਾ ਹੈ ਕਿ ਪਹਿਲਾਂ ਰੋਜ਼ਾਨਾ ਇੱਥੇ 8 ਤੋਂ 10 ਲਾਸ਼ਾਂ ਆਉਂਦੀਆਂ ਸਨ ਪਰ ਪਿਛਲੇ ਇਕ ਮਹੀਨੇ ਤੋਂ ਹਰ ਦਿਨ 60 ਤੋਂ 70 ਲਾਸ਼ਾਂ ਆ ਰਹੀਆਂ ਹਨ। ਕਿਸੇ ਦਿਨ ਤਾਂ 100 ਤੋਂ ਵੀ ਵੱਧ ਲਾਸ਼ਾਂ ਆ ਆਉਂਦੀਆਂ ਹਨ। ਸ਼ਾਸਨ ਦੀ ਰੋਕ ਦੇ ਬਿਨਾਂ ਵੀ ਲੋਕ ਇੱਥੇ ਲਾਸ਼ਾਂ ਦਫ਼ਨਾ ਰਹੇ ਹਨ। 

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਗੰਗਾ ਕੰਢੇ ਲਾਸ਼ਾਂ ਨੂੰ ਦਫ਼ਨਾਏ ਜਾਣ ਨੂੰ ਲੈ ਕੇ ਪੁਲਸ ਨੂੰ ਗੰਗਾ ਨਦੀ ਦੇ ਕੰਢੇ ਗਸ਼ਤ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ। ਇਸ ਦੇ ਬਾਵਜੂਦ ਸੰਗਮ ਨਗਰੀ ਵਿਚ ਯੋਗੀ ਦੇ ਆਦੇਸ਼ ਦਾ ਪਾਲਣ ਨਹੀਂ ਹੋ ਰਿਹਾ ਹੈ। ਓਧਰ ਐੱਸ. ਪੀ. ਬੋਲੇ ਕਿ ਅਸੀਂ ਲੋਕਾਂ ਨੂੰ ਸਮਝਾ ਰਹੇ ਹਾਂ ਕਿ ਗੰਗਾ ’ਚ ਲਾਸ਼ਾਂ ਦਾ ਵਿਸਰਜਨ ਨਾ ਕਰੋ ਅਤੇ ਨਾ ਹੀ ਦਫਨਾਓ। ਇਸ ਤੋਂ ਬਾਅਦ ਵੀ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖਤ ਕਾਰਵਾਈ ਹੋਵੇਗੀ।

Tanu

This news is Content Editor Tanu