ਦਵਿੰਦਰ ਸਿੰਘ 'ਤੇ NIA ਦਾ ਸ਼ਿਕੰਜਾ, ਕਸ਼ਮੀਰ 'ਚ ਕਈ ਟਿਕਾਣਿਆਂ 'ਤੇ ਦੂਜੇ ਦਿਨ ਵੀ ਛਾਪੇਮਾਰੀ

02/03/2020 2:01:58 PM

ਸ਼੍ਰੀਨਗਰ (ਵਾਰਤਾ)— ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਜੰਮੂ-ਕਸ਼ਮੀਰ ਪੁਲਸ ਦੇ ਬਰਖਾਸਤ ਡੀ. ਐੱਸ. ਪੀ. ਦਵਿੰਦਰ ਸਿੰਘ ਦੇ ਅੱਤਵਾਦੀਆਂ ਨਾਲ ਸੰਬੰਧ ਹੋਣ ਦੇ ਮਾਮਲੇ 'ਚ ਸੋਮਵਾਰ ਭਾਵ ਅੱਜ ਦੂਜੇ ਦਿਨ ਵੀ ਸ਼ੋਪੀਆਂ 'ਚ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇੱਥੇ ਦੱਸ ਦੇਈਏ ਕਿ ਦਵਿੰਦਰ ਸਿੰਘ ਨੂੰ ਬੀਤੇ ਮਹੀਨੇ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਦਵਿੰਦਰ ਦੀ ਗ੍ਰਿਫਤਾਰੀ ਨੇ ਜੰਮੂ-ਕਸ਼ਮੀਰ ਅਤੇ ਕੇਂਦਰ ਦੀ ਸੁਰੱਖਿਆ ਏਜੰਸੀਆਂ ਨੂੰ ਹੈਰਾਨੀ 'ਚ ਪਾ ਦਿੱਤਾ ਸੀ। ਇਸ ਤੋਂ ਪਹਿਲਾਂ ਐੱਨ. ਆਈ. ਏ. ਦਾ ਇਕ 20 ਮੈਂਬਰੀ ਦਲ ਦਵਿੰਦਰ ਸਿੰਘ ਵਿਰੁੱਧ ਹੋਰ ਸਬੂਤ ਇਕੱਠੇ ਕਰਨ ਲਈ ਇੱਥੇ ਕਸ਼ਮੀਰ ਘਾਟੀ ਪਹੁੰਚਿਆ ਸੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਐੱਨ. ਆਈ. ਏ. ਨੇ ਸੋਮਵਾਰ ਸਵੇਰ ਨੂੰ ਵੀ ਸ਼ੋਪੀਆਂ 'ਚ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਟੀਮ ਨੇ ਹਿਜ਼ਬੁਲ ਮੁਜਾਹਿਦੀਨ ਅੱਤਵਾਦੀ ਦੇ ਘਰ 'ਤੇ ਛਾਪਾ ਮਾਰਿਆ, ਜਿਸ ਦੀ ਪਛਾਣ ਪਿੰਜੌਰ ਵਾਸੀ ਉਮਰ ਦੋਬੀ ਦੇ ਰੂਪ 'ਚ ਹੋਈ ਹੈ। ਇਸ ਤੋਂ ਇਲਾਵਾ ਇਕ ਹੋਰ ਅੱਤਵਾਦੀ ਫਾਰੂਕ ਅਹਿਮਦ ਅਤੇ ਸ਼ੋਪੀਆਂ 'ਚ ਕੁਝ ਹੋਰ ਥਾਵਾਂ 'ਤੇ ਵੀ ਛਾਪੇਮਾਰੀ ਕੀਤੀ। ਐਤਵਾਰ ਨੂੰ ਐੱਨ. ਆਈ. ਏ. ਨੇ ਸ਼ੋਪੀਆਂ 'ਚ 5 ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। 

ਸੂਤਰਾਂ ਨੇ ਦੱਸਿਆ ਕਿ ਐੱਨ. ਆਈ. ਏ. ਦੇ ਡਿਪਟੀ ਇੰਸਪੈਕਟਰ ਜਨਰਲ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਾਲੀ ਟੀਮ ਸ਼ਨੀਵਾਰ ਨੂੰ ਅਨੰਤਨਾਗ ਗਈ ਅਤੇ ਪੁਲਸ ਅਧਿਕਾਰੀਆਂ ਨਾਲ ਇਕ ਬੈਠਕ ਕੀਤੀ। ਇਸ ਸਮੇਂ ਐੱਨ. ਆਈ. ਏ. ਦੇ ਅਧਿਕਾਰੀ ਦਵਿੰਦਰ ਸਿੰਘ ਨੂੰ ਰਿਮਾਂਡ 'ਤੇ ਲੈ ਕੇ ਜੰਮੂ 'ਚ ਪੁੱਛ-ਗਿੱਛ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਏਜੰਸੀ ਇਸ ਮਾਮਲੇ ਵਿਚ ਅੱਗੇ ਹੋਰ ਵੀ ਛਾਪੇਮਾਰੀ ਕਰ ਸਕਦੀ ਹੈ। ਦੱਸਣਯੋਗ ਹੈ ਕਿ ਦਵਿੰਦਰ ਸਿੰਘ ਨੂੰ 11 ਜਨਵਰੀ ਨੂੰ 3 ਲੋਕਾਂ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਜਿਨ੍ਹਾਂ 'ਚ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਨਵੀਦ ਬਾਬੂ ਅਤੇ ਰਫੀ ਅਹਿਮਦ ਵੀ ਸ਼ਾਮਲ ਸਨ। ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੇ ਸੂਬੇ ਵਿਚ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਦੋਸ਼ੀ ਦਵਿੰਦਰ ਸਿੰਘ ਜੰਮੂ-ਕਸ਼ਮੀਰ ਪੁਲਸ ਦੀ ਐਂਟੀ ਹਾਈਜੈਕ ਬਰਾਂਚ 'ਚ ਅਧਿਕਾਰੀ ਸੀ ਅਤੇ ਸ਼੍ਰੀਨਗਰ ਕੌਮਾਂਤਰੀ ਹਵਾਈ ਅੱਡੇ 'ਤੇ ਤਾਇਨਾਤ ਸੀ।

Tanu

This news is Content Editor Tanu