ਪਿਤਾ ਨੇ ਧੀ ਨੂੰ ਦਾਜ 'ਚ ਦਿੱਤਾ 2200 ਕਿਤਾਬਾਂ ਦਾ ਤੋਹਫਾ, ਹਰ ਪਾਸੇ ਹੋ ਰਹੀ ਹੈ ਚਰਚਾ

02/14/2020 3:07:50 PM

ਰਾਜਕੋਟ—ਅੱਜ ਦੇ ਸਮੇਂ 'ਚ ਜਿੱਥੇ ਧੀ ਨੂੰ ਵਿਆਹ 'ਚ ਮਾਪਿਆਂ ਵੱਲੋਂ ਗਹਿਣੇ ਅਤੇ ਕੱਪੜੇ ਆਦਿ ਵਰਗੇ ਤੋਹਫੇ ਦੇ ਕੇ ਵਿਦਾ ਕੀਤਾ ਜਾਂਦਾ ਹੈ, ਉੱਥੇ ਹੀ ਗੁਜਰਾਤ 'ਚ ਇਕ ਪਿਤਾ ਨੇ ਆਪਣੀ ਧੀ ਨੂੰ ਦਾਜ 'ਚ 2200 ਕਿਤਾਬਾਂ ਦਾ ਤੋਹਫਾ ਦੇ ਕੇ ਵਿਦਾ ਕੀਤੀ, ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਗੱਲ ਦੀ ਹਰ ਪਾਸੇ ਸ਼ਲ਼ਾਘਾ ਹੋ ਰਹੀ ਹੈ। ਦਰਅਸਲ ਗੁਜਰਾਤ ਦੇ ਰਾਜਕੋਟ ਸ਼ਹਿਰ 'ਚ ਰਹਿਣ ਵਾਲੇ ਅਧਿਆਪਕ ਹਰਦੇਵ ਸਿੰਘ ਜਡੇਜਾ ਦੀ ਧੀ ਕਿਨੰਰੀ ਬਾ ਨੂੰ ਬਚਪਨ ਤੋਂ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ। ਉਨ੍ਹਾਂ ਦੇ ਘਰ 'ਚ 500 ਕਿਤਾਬਾਂ ਦੀ ਲਾਇਬ੍ਰੇਰੀ ਹੈ। ਕਿਨੰਰੀ ਨੇ ਆਪਣੇ ਵਿਆਹ ਲਈ ਪਿਤਾ ਤੋਂ ਅਨੋਖੀ ਮੰਗ ਰੱਖੀ ਕਿ ਜਦੋਂ ਉਸ ਦਾ ਵਿਆਹ ਹੋਵੇਗਾ ਤਾਂ ਉਸ ਦੇ ਭਾਰ ਦੇ ਬਰਾਬਰ ਕਿਤਾਬਾਂ ਦਾਜ 'ਚ ਦੇਣ। ਹਰਦੇਵ ਸਿੰਘ ਨੇ ਤੈਅ ਕਰ ਲਿਆ ਕਿ ਉਹ ਆਪਣੀ ਧੀ ਦੀ ਇਹ ਮੰਗ ਪੂਰੀ ਕਰੇਗਾ। ਜਦੋਂ ਕਿਨੰਰੀ ਦਾ ਵਿਆਹ ਵਡੋਦਰਾ ਦੇ ਇੰਜੀਨੀਅਰ ਪੂਰਵਜੀਤ ਸਿੰਘ ਨਾਲ ਹੋਇਆ ਤਾਂ ਹਰਦੇਵ ਸਿੰਘ ਨੇ ਆਪਣੀ ਧੀ ਨੂੰ 2200 ਕਿਤਾਬਾਂ ਦਾਜ 'ਚ ਦਿੱਤੀਆਂ।

6 ਮਹੀਨੇ ਲੱਗੇ ਕਿਤਾਬਾਂ ਇੱਕਠੀਆਂ ਕਰਨ ਲਈ-
ਹਰਦੇਵ ਸਿੰਘ ਨੇ ਪਹਿਲਾਂ ਪਸੰਦ ਦੀਆਂ ਕਿਤਾਬਾਂ ਦੀ ਲਿਸਟ ਬਣਾਈ ਅਤੇ ਫਿਰ 6 ਮਹੀਨਿਆਂ ਤੱਕ ਦਿੱਲੀ, ਕਾਸ਼ੀ ਅਤੇ ਬੈਗਲੁਰੂ ਸਮੇਤ ਕਈ ਸ਼ਹਿਰਾਂ ਤੋਂ ਕਿਤਾਬਾਂ ਇਕੱਠੀਆਂ ਕੀਤੀਆਂ। ਇਨ੍ਹਾਂ 'ਚ ਮਹਾਂਰਿਸ਼ੀ ਵੇਦ ਵਿਆਸ ਤੋਂ ਲੈ ਕੇ ਆਧੁਨਿਕ ਲੇਖਕਾਂ ਦੀਆਂ ਅੰਗਰੇਜੀ, ਹਿੰਦੀ ਅਤੇ ਗੁਜਰਾਤੀ ਭਾਸ਼ਾਂ ਦੀਆਂ ਕਿਤਾਬਾਂ ਸ਼ਾਮਲ ਹਨ। ਕੁਰਾਨ, ਬਾਈਬਲ ਸਮੇਤ 18 ਪੁਰਾਣ ਵੀ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਧੀ ਦੇ ਨਾਲ ਇਨ੍ਹਾਂ ਕਿਤਾਬਾਂ ਨੂੰ ਵੀ ਗੱਡੀ 'ਚ ਭਰ ਕੇ ਵਿਦਾ ਕੀਤਾ ਗਿਆ।

Iqbalkaur

This news is Content Editor Iqbalkaur