‘ਧੀ ਹੈ ਤਾਂ ਕੱਲ ਹੈ’ ; ਧੀ ਦੇ ਪਹਿਲੇ ਜਨਮ ਦਿਨ ’ਤੇ ਪਿਤਾ ਨੇ ਦਿੱਤੀ 1 ਲੱਖ 1 ਹਜ਼ਾਰ ਗੋਲ-ਗੱਪਿਆਂ ਦੀ ਦਾਵਤ

08/18/2022 5:16:38 PM

ਭੋਪਾਲ- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ’ਚ ਗੋਲ-ਗੱਪੇ ਵੇਚਣ ਵਾਲੇ 30  ਸਾਲਾ ਵਿਅਕਤੀ ਨੇ ਆਪਣੀ ਧੀ ਦੇ ਪਹਿਲੇ ਜਨਮ ਦਿਨ ’ਤੇ ਸ਼ਹਿਰ ਦੇ ਲੋਕਾਂ ਨੂੰ 1 ਲੱਖ 1 ਹਜ਼ਾਰ ਗੋਲ-ਗੱਪੇ ਮੁਫ਼ਤ ਖੁਆ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਦੇ ਨਾਲ ਹੀ ਸਮਾਜ ਨੂੰ ਧੀ ਬਚਾਉਣ ਦਾ ਸੰਦੇਸ਼ ਦਿੱਤਾ। ਦਰਅਸਲ ਭੋਪਾਲ ਦੇ ਕੋਲਾਰ ਇਲਾਕੇ ’ਚ ਗੁਪਤਾ ਗੋਲ-ਗੱਪੇ ਭੰਡਾਰ ਦੇ ਨਾਂ ਤੋਂ ਰੇਹੜੀ ਲਾਉਣ ਵਾਲੇ ਅੰਚਲ ਗੁਪਤਾ ਨੇ ਇਕ ਸਾਲ ਪਹਿਲਾਂ ਵੀ ਆਪਣੀ ਧੀ ‘ਅਨੋਖੀ’ ਦੇ ਜਨਮ ਦੇ ਮੌਕੇ ਲੋਕਾਂ ਨੂੰ 50 ਹਜ਼ਾਰ ਗੋਲ-ਗੱਪੇ ਮੁਫ਼ਤ ਖੁਆਏ ਸਨ।

ਇਹ ਵੀ ਪੜ੍ਹੋ- ‘ਮੇਰੇ ਕੋਲ ਸ਼ਬਦ ਨਹੀਂ ਹਨ, ਬਸ ਹੈਰਾਨ ਹਾਂ’; 11 ਦੋਸ਼ੀਆਂ ਦੀ ਰਿਹਾਈ ’ਤੇ ਛਲਕਿਆ ਬਿਲਕਿਸ ਬਾਨੋ ਦਾ ਦਰਦ

PunjabKesari

ਗੁਪਤਾ ਦੀ ਧੀ ਦੇ ਪਹਿਲੇ ਜਨਮ ਦਿਨ ਮੌਕੇ ਲੋਕਾਂ ਨੂੰ ‘ਧੀ ਹੈ ਤਾਂ ਕੱਲ ਹੈ’ ਦਾ ਸੰਦੇਸ਼ ਦਿੰਦੇ ਹੋਏ ਆਪਣੀ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਦਿਨ ਭਰ ਮੁਫ਼ਤ ’ਚ 1 ਲੱਖ ਗੋਲ-ਗੱਪੇ ਖੁਆਏ। ਇਸ ਲਈ ਉਨ੍ਹਾਂ ਨੇ ਕੋਲਾਰ ਖੇਤਰ ਦੇ ਬੰਜਾਰੀ ਮੈਦਾਨ ’ਚ 50 ਮੀਟਰ ਲੰਬੇ ਟੈਂਟ ’ਚ 31 ਸਟਾਲ ਲਾਏ ਅਤੇ ਗੋਲ-ਗੱਪੇ ਖੁਆਉਣ ਲਈ 25 ਮੁੰਡਿਆਂ ਨੂੰ ਦਿਹਾੜੀ ’ਤੇ ਲਾਇਆ। ਆਯੋਜਨ ਵਾਲੀ ਥਾਂ ’ਤੇ ‘ਧੀ ਵਰਦਾਨ ਹੈ’, ‘ਧੀ ਬਚਾਓ’, ‘ਧੀ ਪੜ੍ਹਾਓ’ ਦੇ ਬੈਨਰ ਲੱਗੇ ਸਨ। ਤਿੰਨ ਸਾਲਾ ਪੁੱਤਰ ਅਤੇ ਇਕ ਸਾਲਾ ਧੀ ਦੇ ਪਿਤਾ ਗੁਪਤਾ ਨੇ ਦੱਸਿਆ ਕਿ ਉਹ ਗੋਲ-ਗੱਪੇ ਦੀ ਰੇਹੜੀ ਲਾ ਕੇ ਮਹੀਨੇ ’ਚ 15 ਤੋਂ 20 ਹਜ਼ਾਰ ਰੁਪਏ ਮਹੀਨਾ ਕਮਾ ਲੈਂਦੇ ਹਨ।

ਇਹ ਵੀ ਪੜ੍ਹੋ- ਕਿਸਾਨਾਂ ਨੇ ਲਖੀਮਪੁਰ ਖੀਰੀ ਲਈ ਘੱਤੀਆਂ ਵਹੀਰਾਂ, 'ਟੇਨੀ' ਦੀ ਬਰਖ਼ਾਸਤਗੀ ਸਮੇਤ ਕਈ ਮੰਗਾਂ ਨੂੰ ਲੈ ਕੇ ਧਰਨਾ ਸ਼ੁਰੂ

PunjabKesari

ਗੁਪਤਾ ਨੇ ਵੀਰਵਾਰ ਨੂੰ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਧੀ ਦਾ ਜਨਮ ਮੇਰੇ ਲਈ ਸੁਫ਼ਨੇ ਦੇ ਸਾਕਾਰ ਹੋਣ ਵਰਗਾ ਹੈ। ਮੈਂ ਹਮੇਸ਼ਾ ਇਕ ਧੀ ਚਾਹੁੰਦਾ ਸੀ। ਦੋ ਸਾਲ ਪਹਿਲਾਂ ਮੇਰੀ ਪਤਨੀ ਨੇ ਪੁੱਤਰ ਨੂੰ ਜਨਮ ਦਿੱਤਾ। ਪਿਛਲੇ ਸਾਲ 17 ਅਗਸਤ ਨੂੰ ਰੱਬ ਨੇ ਮੈਨੂੰ ਇਕ ਧੀ ਬਖਸ਼ੀ। ਗੋਲ-ਗੱਪੇ ਖੁਆਉਣ ’ਚ ਕਿੰਨਾ ਖਰਚ ਆਇਆ ਦੇ ਸਵਾਲ ’ਤੇ ਉਨ੍ਹਾਂ ਨੇ ਕਿਹਾ ਕਿ ਇਸ ਦਾ ਹਿਸਾਬ ਨਹੀਂ ਲਾਇਆ। ਉਨ੍ਹਾਂ ਕਿਹਾ ਕਿ ਜਦੋਂ ਧੀ ਨੇ ਜਨਮ ਲਿਆ ਸੀ ਤਾਂ 50 ਹਜ਼ਾਰ ਗੋਲ-ਗੱਪੇ ਮੁਫ਼ਤ ਖੁਆਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਗੋਲ-ਗੱਪੇ ਖੁਆਉਣਾ ਕੋਈ ਵੱਡੀ ਗੱਲ ਨਹੀਂ ਹੈ। ਸਿਰਫ਼ ਸਮਾਜ ਨੂੰ ਧੀ ਬਚਾਉਣ ਦਾ ਸੰਦੇਸ਼ ਦੇਣਾ ਹੈ। 

ਇਹ ਵੀ ਪੜ੍ਹੋ- RTO ਅਫ਼ਸਰ ਦੇ ਘਰ ਮਿਲੀ 16 ਲੱਖ ਦੀ ਨਕਦੀ, ਸ਼ਾਨੋ-ਸ਼ੌਕਤ ਵੇਖ ਕੇ ਹੈਰਾਨ ਰਹਿ ਗਏ EOW ਅਧਿਕਾਰੀ

ਓਧਰ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕਰਕੇ ਗੁਪਤਾ ਦੀ ਧੀ 'ਅਨੋਖੀ' ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ, ''ਹਮੇਸ਼ਾ ਸੁੱਖੀ ਅਤੇ ਖੁਸ਼ ਰਹੋ।'' ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੂੰ ਕਈ ਲੋਕਾਂ ਨੇ ਤੋਹਫੇ ਵੀ ਦਿੱਤੇ। ਇਸ ਮੌਕੇ ਇਲਾਕੇ ਦੇ ਵਿਧਾਇਕ ਰਾਮੇਸ਼ਵਰ ਸ਼ਰਮਾ ਨੇ ਵੀ ਸ਼ਿਰਕਤ ਕੀਤੀ ਅਤੇ ਗੁਪਤਾ ਜੋੜੇ ਵੱਲੋਂ ਕਰਵਾਏ ਗਏ ਇਸ ਨਿਵੇਕਲੇ ਸਮਾਗਮ ਦੀ ਸ਼ਲਾਘਾ ਕੀਤੀ।


Tanu

Content Editor

Related News