ਹੁਣ ਮਾਮੇ ਵਲੋਂ ਭਾਣਜੀ ਨੂੰ ਗੋਦੀ ਚੁੱਕ ਕੇ ਡੋਲੀ ਤੱਕ ਲਿਜਾਣ ਖਿਲਾਫ ਫਤਵਾ ਜਾਰੀ

11/11/2018 6:21:25 PM

ਮੇਰਠ(ਇੰਟ.)— ਦਾਰੂਲ ਉਲੂਮ ਦੇਵਬੰਦ ਨੇ ਮੁਸਲਿਮ ਵਿਆਹਾਂ 'ਚ ਹੋਣ ਵਾਲੀਆਂ ਗੈਰ ਇਸਲਾਮਿਕ ਰਵਾਇਤਾਂ ਵਿਰੁੱਧ ਫਤਵਾ ਜਾਰੀ ਕੀਤਾ ਹੈ। ਇਸ 'ਚ ਕੁੜੀ ਦੇ ਪਰਿਵਾਰ ਵਲੋਂ ਮੁੰਡੇ ਦੇ ਪਰਿਵਾਰ ਨੂੰ ਭੇਜਿਆ ਜਾਣਾ ਵਾਲਾ ਸੱਦਾ ਪੱਤਰ 'ਲਾਲ ਖਤ' ਵੀ ਸ਼ਾਮਲ ਹੈ। ਦੇਵਬੰਦ ਨੇ ਉਸ ਰਵਾਇਤ ਵਿਰੁੱਧ ਫਤਵਾ ਜਾਰੀ ਕੀਤਾ ਹੈ ਜਿਸ ਅਧੀਨ ਕੁੜੀ ਦਾ ਮਾਮਾ ਉਸ ਨੂੰ ਗੋਦ 'ਚ ਉਠਾ ਕੇ ਡੋਲੀ ਤਕ ਲਿਜਾਂਦਾ ਹੈ।

ਦਾਰੂਲ ਉਲੂਮ ਦੀ ਇਸ ਫਤਵੇ ਬਾਰੇ ਦਲੀਲ ਹੈ ਕਿ ਇਸ ਰਸਮ ਕਾਰਨ ਦੋਹਾਂ 'ਚੋਂ ਕਿਸੇ ਦੇ ਮਨ 'ਚ ਵੀ ਕਾਮ ਵਾਸਨਾ ਆ ਸਕਦੀ ਹੈ। ਉਲੂਮ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਚੰਗਾ ਹੋਵੇਗਾ ਕਿ ਲਾੜੀ ਡੋਲੀ ਤਕ ਚੱਲ ਕੇ ਜਾਵੇ ਜਾਂ ਉਸ ਦੀ ਮਾਂ ਉਸ ਨੂੰ ਉਥੇ ਲੈ ਕੇ ਜਾਵੇ।

ਫਤਵੇ 'ਚ ਕਿਹਾ ਗਿਆ ਹੈ ਕਿ ਇਕ ਔਰਤ ਤੇ ਉਸ ਦੇ ਮਾਮਾ ਦਾ ਰਿਸ਼ਤਾ ਬੇਹੱਦ ਪਵਿੱਤਰ ਹੁੰਦਾ ਹੈ। ਕੋਈ ਵੀ ਵਿਅਕਤੀ ਆਪਣੀ ਬਾਲਗ ਹੋ ਚੁੱਕੀ ਭਾਣਜੀ ਨੂੰ ਗੋਦ 'ਚ ਨਹੀਂ ਚੁੱਕਦਾ। ਮੁਸਲਿਮ ਕਾਨੂੰਨ ਦੀਆਂ ਨਜ਼ਰਾਂ 'ਚ ਇਹ ਠੀਕ ਨਹੀਂ ਹੈ ਜੇ ਮਾਮਾ ਆਪਣੀ ਭਾਣਜੀ ਨੂੰ ਚੁੱਕਦਾ ਹੈ ਦੋਹਾਂ ਦੇ ਪਵਿੱਤਰ ਰਿਸ਼ਤਿਆਂ ਦੇ ਖਰਾਬ ਹੋਣ ਦਾ ਡਰ ਪੈਦਾ ਹੋ ਸਕਦਾ ਹੈ।

ਦਾਰੂਲ ਨੇ ਲਾਲ ਖਤ ਦੀ ਰਸਮ ਨੂੰ ਗਲਤ ਕਰਾਰ ਦਿੱਤਾ ਹੈ। ਇਸ ਦੀ ਬਜਾਏ ਸਾਧਾਰਨ ਚਿੱਠੀ ਭੇਜਣ ਜਾਂ ਫੋਨ 'ਤੇ ਗੱਲਬਾਤ ਕਰਨ ਲਈ ਸਲਾਹ ਦਿੱਤੀ ਗਈ ਹੈ। ਉਲੂਮ ਨੇ ਅਜਿਹੇ ਗਹਿਣੇ ਪਹਿਨਣ 'ਤੇ ਵੀ ਰੋਕ ਲਾਈ ਜਿਨ੍ਹਾਂ 'ਤੇ ਕੋਈ ਇਮੇਜ ਬਣਿਆ ਹੋਵੇ।