ਦਾਰਜਲਿੰਗ - ਬੇਕਾਬੂ ਹੋਇਆ ''ਜੀਜੇਐਮ'' ਸਮਰਥਕਾਂ ਦਾ ਅੰਦੋਲਣ, ਸਥਾਨਕ ਚੈਨਲਾਂ ਦੇ ਪ੍ਰਸਾਰਣ ''ਤੇ ਲੱਗੀ ਰੋਕ

06/09/2017 9:47:47 AM

ਦਾਰਜਲਿੰਗ — ਪੱਛਮੀ ਬੰਗਾਲ ਦੇ ਦਾਰਜਲਿੰਗ 'ਚ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਹਿਲੀ ਕੈਬਨੇਟ ਬੈਠਕ ਦੇ ਆਯੋਜਨ ਵਾਲੇ ਸਥਾਨ ਦੇ ਕੋਲ ਗੋਰਖਾ ਜਨ ਮੁਕਤੀ ਮੋਰਚਾ ਦੇ ਕਾਰਜਕਰਤਾਵਾਂ ਨੇ ਪੁਲਸ ਦੀਆਂ ਚਾਰ ਗੱਡੀਆਂ ਨੂੰ ਅੱਗ ਲਗਾ ਦਿੱਤੀ ਅਤੇ ਸੁਰੱਖਿਆ ਕਰਮਚਾਰੀਆਂ 'ਤੇ ਪੱਥਰਬਾਜੀ ਕੀਤੀ, ਜਿਸ ਨੂੰ ਰੋਕਣ ਲਈ ਪੁਲਸ ਨੂੰ ਲਾਠੀ ਚਾਰਜ ਕਰਨਾ ਪਿਆ ਅਤੇ ਹਾਲਾਤ 'ਤੇ ਕਾਬੂ ਪਾਉਣ ਲਈ ਹੰਝੂ ਗੈਸ ਦੇ ਗੋਲੇ ਵੀ ਛੱਡਣੇ ਪਏ।

 


ਮਮਤਾ ਬੈਨਰਜੀ ਪਹਿਲੀ ਵਾਰ ਕਲਕੱਤਾ ਤੋਂ ਬਾਹਰ ਕੈਬਨੇਟ ਦੀ ਬੈਠਕ ਕਰ ਰਹੀ ਹੈ। ਜੀਜੇਐਮ ਦੇ ਕਾਰਜਕਰਤਾਵਾਂ ਦੇ ਚੌਰਸਤੇ ਦੇ ਕੋਲ ਭਾਨੁ ਭਵਨ ਦੇ ਕੋਲ ਹਿੰਸਕ ਪ੍ਰਦਰਸ਼ਨ ਕੀਤਾ ਅਤੇ ਪੁਲਸ ਦੀਆਂ ਚਾਰ ਗੱਡੀਆਂ ਨੂੰ ਅੱਗ ਲਗਾ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਉੱਥੇ ਲੱਗੇ ਬੈਰੀਕੇਡ ਵੀ ਤੋੜ ਦਿੱਤੇ ਅਤੇ ਰਾਜਭਵਨ ਵੱਲ ਵੱਧਣ ਦੀ ਕੋਸ਼ਿਸ਼ ਕਰਨ ਲੱਗੇ ਜਿਥੇ ਮੁੱਖ ਮੰਤਰੀ ਸਾਰੇ ਕੈਬਨੇਟ ਮੰਤਰੀ ਅਤੇ ਉਚ ਆਈਏਐਸ ਅਤੇ ਆਈਪੀਐਸ ਅਧਿਕਾਰੀ ਮੌਜੂਦ ਸਨ।
ਪ੍ਰਦਰਸ਼ਨਕਾਰੀ ਦੁਪਹਿਰ ਸਾਢੇ 12 ਵਜੇ ਧਰਨੇ 'ਤੇ ਬੈਠੇ ਸਨ। ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਪੁਲਸ ਨੂੰ ਹੰਝੂ ਗੈਸ ਦੇ ਗੋਲੇ ਛੱਡਣੇ ਪਏ। ਪੁਲਸ ਨੇ ਰਾਜਭਵਨ ਨੂੰ ਚਾਰੋਂ ਪਾਸਿਓਂ ਘੇਰ ਲਿਆ ਹੈ । ਇਲਾਕੇ ਦੇ ਹਾਲਾਤਾਂ ਕਾਰਨ ਸੈਲਾਨੀ ਵੀ ਬਾਹਰ ਨਹੀਂ ਨਿਕਲੇ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਥਾਨਕ ਚੈਨਲਾਂ ਦੇ ਪ੍ਰਸਾਰਨ 'ਤੇ ਰੋਕ ਲਗਾ ਦਿੱਤੀ ਗਈ ਹੈ।