ਦਾਨਿਸ਼ ਸਿੱਦੀਕੀ ਦੇ ਕਤਲ ਦੀ ਜਾਂਚ ਲਈ ਪਰਿਵਾਰ ਨੇ ਤਾਲਿਬਾਨ ਵਿਰੁੱਧ ICC ''ਚ ਸ਼ਿਕਾਇਤ ਕਰਵਾਈ ਦਰਜ

03/22/2022 5:56:02 PM

ਨਵੀਂ ਦਿੱਲੀ (ਭਾਸ਼ਾ)- ਪੁਲਿਤਜਰ ਪੁਰਸਕਾਰ ਪ੍ਰਾਪਤ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦੇ ਕਤਲ ਦੀ ਜਾਂਚ ਲਈ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਕੌਮਾਂਤਰੀ ਅਪਰਾਧਕ ਅਦਾਲਤ (ਆਈ.ਸੀ.ਸੀ.) 'ਚ ਸ਼ਿਕਾਇਤ ਦਰਜ ਕਰਵਾਈ ਹੈ। ਸਿੱਦੀਕੀ ਦੇ ਪਰਿਵਾਰ ਦੇ ਵਕੀਲ ਅਵੀ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਪੱਤਰਕਾਰ ਦੇ ਕਤਲ ਲਈ ਜ਼ਿੰਮੇਵਾਰ ਤਾਲਿਬਾਨ ਦੇ ਉੱਚ ਪੱਧਰੀ ਕਮਾਂਡਰਾਂ 'ਤੇ ਕਾਨੂੰਨੀ ਕਾਰਵਾਈ ਦੇ ਮਕਸਦ ਨਾਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪਿਛਲੇ ਸਾਲ 16 ਜੁਲਾਈ ਨੂੰ ਸਿੱਦੀਕੀ (38) ਅਫਗਾਨਿਸਤਾਨ 'ਚ ਆਪਣਾ ਕੰਮ ਕਰ ਰਹੇ ਸਨ, ਜਦੋਂ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਉਹ ਕੰਧਾਰ ਸ਼ਹਿਰ ਦੇ ਸਪਿਨ ਬੋਲਦਕ ਜ਼ਿਲ੍ਹੇ 'ਚ ਅਫਗਾਨ ਫ਼ੌਜੀਆਂ ਅਤੇ ਤਾਲਿਬਾਨ ਵਿਚਾਲੇ ਜੰਗ ਨੂੰ ਕਵਰ ਕਰ ਰਹੇ ਸਨ। ਸਿੰਘ ਨੇ ਕਿਹਾ ਕਿ ਅਫਗਾਨਿਸਤਾਨ ਦੇ ਕਾਰਜਵਾਹਕ ਪ੍ਰਧਾਨ ਮੰਤਰੀ ਮੁਹੰਮਦ ਹਸਨ ਅਖੁੰਦ ਅਤੇ ਕਾਰਜਵਾਹਕ ਪ੍ਰਥਮ ਉੱਪ ਪ੍ਰਧਾਨ ਮੰਤਰੀ ਅਬਦੁਲ ਗਨੀ ਬਾਰਾਦਰ ਸਮੇਤ ਹੋਰ ਤਾਲਿਬਾਨ ਕਮਾਂਡਰਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ 'ਚ ਭਾਰਤ ਸਰਕਾਰ ਤੋਂ ਵੀ ਮਦਦ ਦੀ ਗੁਹਾਰ ਲਗਾਉਣਗੇ। ਉਨ੍ਹਾਂ ਕਿਹਾ,''ਅਸੀਂ ਪੁਲਿਤਜਰ ਪੁਰਸਕਾਰ ਪ੍ਰਾਪਤ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਪਿਛਲੇ ਸਾਲ 16 ਜੁਲਾਈ ਨੂੰ ਹੋਏ ਕਤਲ ਅਤੇ ਮਨੁੱਖਤਾ ਵਿਰੁੱਧ ਯੁੱਧ ਅਤੇ ਯੁੱਧ ਅਪਰਾਧ ਦੇ ਸਿਲਸਿਲੇ 'ਚ ਕੌਮਾਂਤਰੀ ਅਪਰਾਧਕ ਅਦਾਲਤ (ਆਈ.ਸੀ.ਸੀ.) 'ਚ ਸ਼ਿਕਾਇਤ ਦਰਜ ਕਰਵਾਈ ਹੈ।''

ਇਹ ਵੀ ਪੜ੍ਹੋ : 125 ਸਾਲ ਦੇ ਯੋਗ ਗੁਰੂ ਪਦਮਸ਼੍ਰੀ ਨਾਲ ਸਨਮਾਨਤ, PM ਮੋਦੀ ਨੇ ਝੁਕ ਕੇ ਕੀਤਾ ਪ੍ਰਣਾਮ (ਤਸਵੀਰਾਂ)

ਵਕੀਲ ਨੇ ਕਿਹਾ ਕਿ ਸਿੱਦੀਕੀ ਦੇ ਮਾਤਾ ਪਿਤਾ- ਅਖਤਾਰ ਸਿੱਦੀਕੀ ਅਤੇ ਸ਼ਾਹਿਦਾ ਅਖਤਰ ਵਲੋਂ ਸ਼ਿਕਾਇਤ ਦਰਜ ਕਰਵਾਈ ਹੈ। ਸਿੰਘ ਨੇ ਕਿਹਾ ਕਿ ਸਿੱਦੀਕੀ ਦਾ ਗੈਰ ਕਾਨੂੰਨੀ ਤਰੀਕੇ ਨਾਲ ਕਤਲ ਕੀਤਾ ਗਿਆ, ਕਿਉਂਕਿ ਉਹ ਪੱਤਰਕਾਰ ਅਤੇ ਇਕ ਭਾਰਤੀ ਸਨ। ਉਨ੍ਹਾਂ ਕਿਹਾ ਕਿ 16 ਜੁਲਾਈ ਨੂੰ ਸਿੱਦੀਕੀ, ਰਾਈਟਰਜ਼ ਵੱਲੋਂ ਅਸਾਇਨਮੈਂਟ 'ਤੇ ਸਨ ਅਤੇ ਇਕ ਹਮਲੇ 'ਚ ਜ਼ਖਮੀ ਹੋਣ ਤੋਂ ਬਾਅਦ ਉਨ੍ਹਾਂ ਨਾਲ ਕੀ ਹੋਇਆ, ਇਸ ਦੇ ਗਵਾਹ ਹਨ। ਸਿੰਘ ਨੇ ਕਿਹਾ,''ਉਨ੍ਹਾਂ ਨੂੰ ਇਲਾਜ ਲਈ ਇਕ ਮਸਜਿਦ ਲਿਜਾਇਆ ਗਿਆ ਅਤੇ ਉਹ ਮਸਜਿਦ ਇਤਿਹਾਸਕ ਰੂਪ ਨਾਲ ਸ਼ਰਨ ਦੇਣ ਲਈ ਕੌਮਾਂਤਰੀ ਪੱਧਰ 'ਤੇ ਜਾਣੀ ਜਾਂਦੀ ਹੈ। ਇਸ ਤੋਂ ਬਾਅਦ ਤਾਲਿਬਾਨ ਨੇ ਉਸ 'ਤੇ ਹਮਲਾ ਕੀਤਾ। ਸਿੱਦੀਕੀ ਦੀ ਸਪੱਸ਼ਟ ਪਛਾਣ ਸੀ ਕਿ ਉਹ ਪ੍ਰੈਸ ਦੇ ਸਨ। ਉਨ੍ਹਾਂ ਕੋਲ ਉਨ੍ਹਾਂ ਦਾ ਪਾਸਪੋਰਟ ਸੀ ਅਤੇ ਉਹ ਫ਼ੌਜੀ ਨਹੀਂ ਸਨ।'' ਉਨ੍ਹਾਂ ਕਿਹਾ,''ਇਸ ਤੋਂ ਬਾਅਦ ਉਨ੍ਹਾਂ ਨੂੰ ਗੈਰ-ਕਾਨੂੰਨੀ ਰੂਪ ਨਾਲ ਹਿਰਾਸਤ 'ਚ ਲਿਆ ਗਿਆ ਅਤੇ ਕਈ ਗਵਾਹਾਂ ਅਨੁਸਾਰ, ਉਨ੍ਹਾਂ ਨੂੰ ਤੰਗ ਕੀਤਾ ਗਿਆ। ਅਸਲ 'ਚ ਜਦੋਂ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਮਿਲੀ, ਉਦੋਂ ਉਨ੍ਹਾਂ ਨੇ ਬੁਲੇਟ ਪਰੂਫ ਜੈਕੇਟ ਪਹਿਨੀ ਹੋਈ ਸੀ।'' ਸਿੱਦੀਕੀ ਦੇ ਭਰਾ ਉਮਰ ਸਿੱਦੀਕੀ ਨੇ ਕਿਹਾ ਕਿ ਦਾਨਿਸ਼ ਦੇ ਕਾਤਲਾਂ ਨੂੰ ਕਾਨੂੰਨ ਦੇ ਦਾਇਰੇ 'ਚ ਲਿਆਇਆ ਜਾਣਾ ਚਾਹੀਦਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News