ਡਾਂਗਰੀ ਹਮਲਾ : ਅੱਤਵਾਦੀਆਂ ਦੀ ਸੂਚਨਾ ਦੇਣ ''ਤੇ 10 ਲੱਖ ਰੁਪਏ ਦਾ ਇਨਾਮ

02/08/2023 12:19:17 PM

ਰਾਜੌਰੀ (ਭਾਸ਼ਾ)- ਜੰਮੂ ਕਸ਼ਮੀਰ ਪੁਲਸ ਨੇ ਕਿਹਾ ਕਿ ਡਾਂਗਰੀ ਪਿੰਡ 'ਚ ਹੋਏ ਹਮਲੇ 'ਚ ਸ਼ਾਮਲ ਅੱਤਵਾਦੀ ਰਾਜੌਰੀ ਜ਼ਿਲ੍ਹੇ ਦੇ ਪਹਾੜੀ ਇਲਾਕਿਆਂ 'ਚ ਲੁਕੇ ਹਨ ਅਤੇ ਉਨ੍ਹਾਂ ਬਾਰੇ ਸੂਚਨਾ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ। ਪੁਲਸ ਨੇ ਮੰਗਲਵਾਰ ਰਾਤ ਜਾਰੀ ਇਕ ਐਡਵਾਇਜ਼ਰੀ 'ਚ ਅੱਤਵਾਦੀਆਂ ਦੀ ਕਿਸੇ ਵੀ ਤਰ੍ਹਾਂ ਨਾਲ ਮਦਦ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਨੂੰ ਲੈ ਕੇ ਵੀ ਚੌਕਸ ਕੀਤਾ। ਰਾਜੌਰੀ ਦੇ ਡਾਂਗਰੀ ਪਿੰਡ 'ਚ ਇਕ ਜਨਵਰੀ ਨੂੰ ਹੋਏ ਅੱਤਵਾਦੀ ਹਮਲੇ 'ਚ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ 14 ਹੋਰ ਜ਼ਖ਼ਮੀ ਹੋਏ ਸਨ। ਕੁਝ ਮਕਾਨਾਂ 'ਤੇ ਅੱਤਵਾਦੀਆਂ ਵਲੋਂ ਕੀਤੀ ਗਈ ਗੋਲੀਬਾਰੀ 'ਚ 2 ਭਰਾਵਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਉੱਥੇ ਹੀ ਹਮਲਾਵਰਾਂ ਵਲੋਂ ਛੱਡ ਗਏ ਆਈ.ਈ.ਡੀ. 'ਚ ਅਗਲੇ ਦਿਨ ਵਿਸਫ਼ੋਟ ਹੋਣ ਨਾਲ 2 ਬੱਚਿਆਂ ਦੀ ਮੌਤ ਹੋ ਗਈ ਸੀ।

ਪੁਲਸ ਨੇ ਕਿਹਾ,''ਡਾਂਗਰੀ ਪਿੰਡ 'ਚ ਹਮਲੇ ਦੀ ਸਾਜਿਸ਼ ਰਚਣ ਵਾਲੇ ਅੱਤਵਾਦੀ ਅਜੇ ਵੀ ਰਾਜੌਰੀ ਦੀਆਂ ਪਹਾੜੀਆਂ 'ਚ ਲੁਕੇ ਹੋਏ ਹਨ। ਉਹ ਫਿਰ ਤੋਂ ਇਕ ਅੱਤਵਾਦੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ।'' ਉਨ੍ਹਾਂ ਨੇ ਕਿਹਾ,''ਕੁਝ ਲੋਕ ਪੁਲਸ ਅਤੇ ਸੁਰੱਖਿਆ ਫ਼ੋਰਸਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਇਨ੍ਹਾਂ ਅੱਤਵਾਦੀਆਂ ਦੀਆਂ ਹੋਰ ਚੀਜ਼ਾਂ ਨੂੰ ਲੈ ਕੇ ਮਦਦ ਕਰ ਰਹੇ ਹਨ।'' ਉਨ੍ਹਾਂ ਕਿਹਾ ਕਿ ਇਨ੍ਹਾਂ ਅੱਤਵਾਦੀਆਂ 'ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਲਦ ਹੀ ਇਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਕਿਹਾ,''ਅੱਤਵਾਦੀਆਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਰੁਪਏ ਅਤੇ ਹੋਰ ਪੁਰਸਕਾਰ ਦਿੱਤੇ ਜਾਣਗੇ। ਮੁਖਬਿਰ ਦਾ ਨਾਮ ਗੁਪਤ ਰੱਖਿਆ ਜਾਵੇਗਾ।'' ਪੁਲਸ ਨੇ ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਡਾਂਗਰੀ ਦੇ ਵਾਸੀਆਂ ਨੇ ਪਿੰਡ 'ਚ ਹਮਲਿਆਂ ਦੇ ਪਿੱਛੇ ਅੱਤਵਾਦੀਆਂ ਦਾ ਪਤਾ ਲਗਾਉਣ 'ਚ ਸੁਰੱਖਿਆ ਏਜੰਸੀਆਂ ਦੀ ਅਸਫ਼ਲਤਾ 'ਤੇ ਚਿੰਤਾ ਜ਼ਾਹਰ ਕੀਤੀ ਸੀ। ਉਨ੍ਹਾਂ ਨੇ ਧਮਕੀ ਦਿੱਤੀ ਕਿ ਜੇਕਰ ਸੁਰੱਖਿਆ ਏਜੰਸੀਆਂ ਅਗਲੇ 15 ਦਿਨਾਂ ਅੰਦਰ ਅੱਤਵਾਦੀਆਂ ਦਾ ਖ਼ਾਤਮਾ ਨਹੀਂ ਕਰਦੀ ਤਾਂ ਉਹ ਭੁੱਖ ਹੜਤਾਲ 'ਤੇ ਚਲੇ ਜਾਣਗੇ।

DIsha

This news is Content Editor DIsha