ਦਲਿਤ ਨੇ ਕੀਤਾ ਰੇਪ ਤਾਂ ਪੰਚਾਂ ਨੇ ਪੀੜਤਾ ਨੂੰ ਦੱਸਿਆ ਅਸ਼ੁੱਧ, ਸੁਣਾਇਆ ਇਹ ਫਰਮਾਨ

06/13/2019 4:07:52 PM

ਰਾਜਗੜ੍ਹ— ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲੇ ਤੋਂ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਬੱਚੀ ਨਾਲ ਦਲਿਤ ਨੌਜਵਾਨ ਨੇ ਰੇਪ ਕੀਤਾ ਸੀ। ਹੁਣ ਇਸ ਮਾਮਲੇ 'ਚ ਪੰਚਾਇਤ ਨੇ ਤੁਗਲਕੀ ਫਰਮਾਨ ਸੁਣਾਇਆ ਹੈ। ਪੰਚਾਇਤ ਦਾ ਕਹਿਣਾ ਹੈ ਕਿ ਰੇਪ ਕਰਨ ਵਾਲਾ ਦੋਸ਼ੀ ਦਲਿਤ ਜਾਤੀ ਦਾ ਸੀ, ਇਸ ਲਈ ਬੱਚੀ ਦਾ ਪਰਿਵਾਰ ਅਛੂਤ ਹੋ ਗਿਆ ਹੈ। ਬੱਚੀ ਦੇ ਸ਼ੁੱਧੀਕਰਨ ਲਈ ਪੀੜਤ ਪਰਿਵਾਰ ਨੂੰ ਭੰਡਾਰਾ ਕਰਵਾਉਣ ਦਾ ਫਰਮਾਨ ਸੁਣਾਇਆ ਗਿਆ ਹੈ। ਇਹ ਮਾਮਲਾ ਜ਼ਿਲੇ ਦੇ ਨਰਸਿੰਘਗੜ੍ਹ ਇਲਾਕੇ ਦਾ ਹੈ। ਪੰਚਾਂ ਦਾ ਫਰਮਾਨ ਪੂਰਾ ਨਾ ਕਰ ਪਾਉਣ ਵਾਲੇ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ। ਡੂੰਗਰਪੁਰਾ ਪਿੰਡ 'ਚ ਇਸ ਸਾਲ ਮਾਰਚ 'ਚ 17 ਸਾਲਾ ਨਾਬਾਲਗ ਨਾਲ ਪਿੰਡ ਦੇ ਨੌਜਵਾਨ ਸਿਆਰਾਮ ਨੇ ਰੇਪ ਕੀਤਾ ਸੀ। ਇਸ ਮਾਮਲੇ ਦੇ ਪੀੜਤ ਪਰਿਵਾਰ ਨੇ ਐੱਫ.ਆਈ.ਆਰ. ਦਰਜ ਕਰਵਾਈ ਸੀ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਸੀ। ਪੀੜਤ ਪਰਿਵਾਰ ਹਾਲੇ ਇਸ ਹਾਦਸੇ ਤੋਂ ਉੱਭਰ ਨਹੀਂ ਸਕਿਆ ਸੀ ਕਿ ਪੰਚਾਇਤ ਨੇ ਉਨ੍ਹਾਂ ਵਿਰੁੱਧ ਅਜੀਬ ਫਰਮਾਨ ਸੁਣਾਇਆ।

ਭੰਡਾਰਾ ਨਾ ਕਰਵਾਉਣ 'ਤੇ ਕੀਤਾ ਸਮਾਜਿਕ ਬਾਈਕਾਟ
ਪਿੰਡ 'ਚ ਬੁਲਾਈ ਗਈ ਪੰਚਾਇਤ 'ਚ ਕਿਹਾ ਗਿਆ ਕਿ ਲੜਕੀ ਨਾਲ ਰੇਪ ਕਰਨ ਵਾਲਾ ਇਕ ਦਲਿਤ ਜਾਤੀ ਦਾ ਸੀ, ਇਸ ਲਈ ਪੀੜਤਾ ਅਸ਼ੁੱਧ ਹੋ ਗਈ। ਉਸ ਦੇ ਸ਼ੁੱਧੀਕਰਨ ਲਈ ਪੀੜਤਾ ਦੇ ਪਿਤਾ ਨੂੰ ਪਿੰਡ 'ਚ ਭੰਡਾਰਾ ਕਰਵਾਉਣਾ ਹੋਵੇਗਾ। ਇਸ ਫਰਮਾਨ ਨੂੰ ਲੈਣ ਤੋਂ ਬਾਅਦ ਬੱਚੀ ਦੇ ਪਿਤਾ ਭੰਡਾਰਾ ਕਰਵਾਉਣ ਦਾ ਜੁਗਾੜ ਕਰਨ ਲੱਗੇ ਪਰ ਗਰੀਬੀ ਕਾਰਨ ਉਹ ਭੰਡਾਰਾ ਨਹੀਂ ਕਰਵਾ ਸਕੇ ਤਾਂ ਉਨ੍ਹਾਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ। ਹੁਣ ਉਨ੍ਹਾਂ ਨੂੰ ਕਿਸੇ ਵੀ ਪ੍ਰੋਗਰਾਮ 'ਚ ਨਾ ਤਾਂ ਬੁਲਾਇਆ ਜਾ ਰਿਹਾ ਹੈ, ਨਾ ਹੀ ਉਨ੍ਹਾਂ ਦੇ ਇੱਥੇ ਕੋਈ ਆ ਰਿਹਾ ਹੈ।

ਮਨੁੱਖੀ ਅਧਿਕਾਰ ਕਮਿਸ਼ਨ ਨੂੰ ਭੇਜੀ ਗਈ ਸ਼ਿਕਾਇਤ
ਪੀੜਤਾ ਦੇ ਮਾਤਾ-ਪਿਤਾ ਨੇ ਇਸ ਮਾਮਲੇ 'ਚ ਜ਼ਿਲੇ ਦੇ ਅਧਿਕਾਰੀਆਂ ਤੋਂ ਸ਼ਿਕਾਇਤ ਕੀਤੀ ਸੀ। ਉਨ੍ਹਾਂ ਨੇ ਸ਼ਿਕਾਇਤ ਨਾਲ ਪੰਚਾਇਤ ਦਾ ਉਹ ਫਰਮਾਨ ਵੀ ਦਿੱਤਾ ਹੈ, ਜਿਸ 'ਚ ਪੰਚਾਂ ਨੇ ਦਸਤਖ਼ਤ ਕੀਤੇ ਸਨ ਅਤੇ ਉਨ੍ਹਾਂ ਤੋਂ ਵੀ ਇਸ 'ਤੇ ਦਸਤਖ਼ਤ ਕਰਵਾਏ ਗਏ ਸਨ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ 'ਚ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਸ਼ਿਕਾਇਤ ਭੇਜੀ ਹੈ। ਉੱਥੇ ਹੀ ਜ਼ਿਲੇ ਦੀ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨੋਟਿਸ 'ਚ ਮਾਮਲਾ ਇਆ ਹੈ ਪਰ ਉਨ੍ਹਾਂ ਕੋਲ ਪੀੜਤ ਪਰਿਵਾਰ ਵਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ ਹੈ। ਸ਼ਿਕਾਇਤ ਆਉਣ ਤੋਂ ਬਾਅਦ ਉਹ ਕਾਰਵਾਈ ਕਰਨਗੇ।

DIsha

This news is Content Editor DIsha