''ਜ਼ੈੱਡ ਪਲੱਸ'' ਸਕਿਓਰਿਟੀ ''ਚ ਨਿਕਲੀ ਦਲਿਤ ਲਾੜੇ ਦੀ ਬਰਾਤ

02/04/2020 1:41:26 PM

ਰਾਜਸਥਾਨ— ਰਾਜਸਥਾਨ ਦੇ ਬੂੰਦੀ ਜ਼ਿਲੇ 'ਚ ਸਦਰ ਥਾਣਾ ਖੇਤਰ ਦੇ ਸਗਾਵਦਾ ਪਿੰਡ 'ਚ 'ਜ਼ੈੱਡ ਪਲੱਸ' ਸਕਿਓਰਿਟੀ 'ਚ ਘੋੜੀ 'ਤੇ ਬੈਠੇ ਦਲਿਤ ਲਾੜੇ ਦੀ ਬਰਾਤ ਨਿਕਲੀ। ਪਿੰਡ ਵਿਚ ਦਲਿਤ ਲਾੜੇ ਨੂੰ ਘੋੜੀ 'ਤੇ ਬੈਠਣ ਨੂੰ ਲੈ ਕੇ ਤਣਾਅ ਦਾ ਖਦਸ਼ਾ ਸੀ, ਜਿਸ ਕਾਰਨ ਬਰਾਤ ਪੁਲਸ ਦੇ ਪਹਿਰੇ ਵਿਚ ਕੱਢੀ ਗਈ। ਲਾੜੇ ਦੇ ਪਰਿਵਾਰ ਵਲੋਂ ਪੁਲਸ ਤੋਂ ਮਦਦ ਦੀ ਗੁਹਾਰ ਨਾਲ ਅਜਿਹਾ ਕੀਤਾ ਗਿਆ। ਬਰਾਤ ਦੀ ਸੁਰੱਖਿਆ ਲਈ 4 ਥਾਣਿਆਂ ਦੇ 80 ਪੁਲਸ ਮੁਲਾਜ਼ਮ ਤਾਇਨਾਤ ਰਹੇ। ਉੱਥੇ ਹੀ ਪ੍ਰਸ਼ਾਸਨ ਵਲੋਂ ਅਤੇ ਬੂੰਦੀ ਤਹਿਸੀਲਦਾਰ, ਪਟਵਾਰੀ ਵੀ ਮੌਜੂਦ ਰਹੇ। ਇੱਥੇ ਦੱਸ ਦੇਈਏ ਕਿ ਪਿੰਡ ਸਗਾਵਦਾ ਵਿਚ ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ ਹੈ, ਜਦੋਂ ਲਾੜੇ ਦੀ ਬਰਾਤ ਪੁਲਸ ਸੁਰੱਖਿਆ 'ਚ ਨਿਕਲੀ ਹੋਵੇ। ਇਸ ਤੋਂ ਪਹਿਲਾਂ ਵੀ ਦੋ ਮਾਮਲੇ ਸਾਹਮਣੇ ਆ ਚੁੱਕੇ ਹਨ।

ਦਰਅਸਲ ਲਾੜਾ ਪਰਸ਼ੁਰਾਮ ਮੇਘਵਾਲ ਜਾਵਰਾ ਪਿੰਡ ਵਿਚ ਸਰਕਾਰੀ ਸਕੂਲ 'ਚ ਅਧਿਆਪਕ ਹੈ। ਲਾੜੇ ਦੇ ਪਰਿਵਾਰ ਨੂੰ ਪਿੰਡ ਵਾਲਿਆਂ ਵਲੋਂ ਬਰਾਤ ਦਾ ਵਿਰੋਧ ਕਰਨ ਦਾ ਖਦਸ਼ਾ ਸੀ। ਇਸ ਨੂੰ ਲੈ ਕੇ ਪਰਸ਼ੂਰਾਮ ਨੇ ਐੱਸ. ਪੀ. ਅਤੇ ਕਲੈਕਟਰ ਤੋਂ ਮਦਦ ਮੰਗੀ। ਲਿਹਾਜ਼ਾ ਲਾੜੇ ਨੂੰ ਮਦਦ ਮੁਹੱਈਆ ਕਰਵਾਈ ਗਈ। ਓਧਰ ਡੀ. ਐੱਸ. ਪੀ. ਨੇ ਦੱਸਿਆ ਕਿ ਲਾੜੇ ਵਲੋਂ ਮੰਗੀ ਗਈ ਮਦਦ 'ਤੇ ਪੁਲਸ ਫੋਰਸ ਤਾਇਨਾਤ ਕੀਤੀ। ਜਿਸ ਤੋਂ ਬਾਅਦ ਬਰਾਤ ਸ਼ਾਂਤੀਪੂਰਵਕ ਢੰਗ ਨਾਲ ਨਿਕਲੀ। ਹਾਲਾਂਕਿ ਸਰਪੰਚ ਨੇ ਦੋਸ਼ ਲਾਇਆ ਇਕ ਸਾਬਕਾ ਸਰਪੰਚ ਰਾਮਚੰਦਰ ਮੇਘਵਾਲ ਨੇ ਬਿਨਾਂ ਵਜ੍ਹਾ ਇਸ ਮਾਮਲੇ ਨੂੰ ਤੂਲ ਦਿੱਤਾ। ਪਿੰਡ ਦੇ ਮੰਦਰਾਂ 'ਚ ਕਿਸੇ ਵੀ ਜਾਤੀ ਦੇ ਲੋਕਾਂ ਦੇ ਆਉਣ ਦੀ ਮਨਾਹੀ ਨਹੀਂ ਹੈ। 

ਬਰਾਤ ਸੋਮਵਾਰ ਸਵੇਰੇ ਕਰੀਬ 11.30 ਵਜੇ ਕੱਢੀ ਗਈ। ਇਹ ਪਿੰਡ ਦੇ ਤਮਾਮ ਮੁਹੱਲਿਆਂ ਤੋਂ ਨਿਕਲੀ। ਇਸ ਦੌਰਾਨ ਮੰਦਰਾਂ ਵਿਚ ਦਰਸ਼ਨ ਵੀ ਕੀਤੇ ਗਏ। ਇੱਥੇ ਦੱਸ ਦੇਈਏ ਕਿ ਰਾਜਸਥਾਨ 'ਚ ਵਿਆਹ ਤੋਂ ਪਹਿਲਾਂ ਇਕ ਰਸਮ ਹੁੰਦੀ ਹੈ। ਇਸ ਵਿਚ ਲਾੜਾ ਜਾਂ ਲਾੜੀ ਨੂੰ ਪਿੰਡ ਵਿਚ ਘੁੰਮਾਇਆ ਜਾਂਦਾ ਹੈ। ਵੱਖ-ਵੱਖ ਮੰਦਰਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ। ਇਹ ਸਭ ਕੁਝ ਬਰਾਤ ਵਾਂਗ ਹੁੰਦਾ ਹੈ।

Tanu

This news is Content Editor Tanu