ਕੋਰੋਨਾ ਵਾਇਰਸ ਦੀ ਦਹਿਸ਼ਤ : ਡੇਨ ਮਹਾਮਾਨਕੋਲ ਮੰਦਰ ''ਤੇ ਲੱਗਾ ਤਾਲਾ

02/06/2020 11:10:44 AM

ਬਹਰਾਇਚ (ਭਾਸ਼ਾ)— ਵੱਡੀ ਗਿਣਤੀ ਵਿਚ ਵਿਦੇਸ਼ੀ ਸੈਲਾਨੀਆਂ ਦੀ ਮੌਜੂਦਗੀ ਵਾਲੇ ਬੌਧ ਤੀਰਥ ਅਸਥਾਨ ਸ਼ਾਵਸਤੀ 'ਚ ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਡੇਨ ਮਹਾਮਾਨਕੋਲ ਮੰਦਰ 'ਤੇ ਤਾਲਾ ਲਾ ਦਿੱਤਾ ਗਿਆ ਹੈ। ਮੰਦਰ ਪ੍ਰਸ਼ਾਸਨ ਨੇ ਮੁੱਖ ਦੁਆਰ 'ਤੇ ਬਕਾਇਦਾ ਨੋਟਿਸ ਬੋਰਡ ਵੀ ਲਾਇਆ ਹੈ। ਇਸ ਨੋਟਿਸ ਬੋਰਡ 'ਤੇ ਲਿਖਿਆ ਹੈ ਕਿ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਮੰਦਰ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਹਾਲਾਤ 'ਚ ਸੁਧਾਰ ਤੋਂ ਬਾਅਦ ਮੰਦਰ ਨੂੰ ਮੁੜ ਖੋਲ੍ਹ ਦਿੱਤਾ ਜਾਵੇਗਾ। ਉੱਪ ਜ਼ਿਲਾ ਅਧਿਕਾਰੀ ਰਾਜੇਸ਼ ਮਿਸ਼ਰਾ ਨੇ ਦੱਸਿਆ ਕਿ ਬੌਧ ਅਸਥਾਨ ਸ਼ਾਵਸਤੀ 'ਚ ਡੇਨ ਮਹਾਮਾਨਕੋਲ ਇਕ ਵਿਦੇਸ਼ੀ ਸੰਸਥਾ ਵਲੋਂ ਬਣਵਾਇਆ ਗਿਆ ਮੰਦਰ ਹੈ। ਸਾਵਧਾਨੀ ਦੇ ਤੌਰ 'ਤੇ ਮੰਦਰ ਨੂੰ ਬੰਦ ਕੀਤਾ ਗਿਆ ਹੈ, ਕਿਉਂਕਿ ਸ਼ਾਵਸਤੀ 'ਚ ਵੱਡੀ ਗਿਣਤੀ 'ਚ ਵਿਦੇਸ਼ੀ ਸੈਲਾਨੀ ਆਉਂਦੇ ਹਨ। ਚੰਗੀ ਗੱਲ ਇਹ ਹੈ ਕਿ ਇੱਥੇ ਕੋਰੋਨਾ ਵਾਇਰਸ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ ਫਿਰ ਵੀ ਸਾਵਧਾਨੀ ਦੇ ਤੌਰ 'ਤੇ ਮੰਦਰ ਨੂੰ ਬੰਦ ਕੀਤਾ ਗਿਆ ਹੈ। 

ਓਧਰ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਬਚਾਅ ਲਈ ਮੱਠ, ਮੰਦਰਾਂ ਅਤੇ ਹੋਟਲਾਂ ਦੀ ਨਿਗਰਾਨੀ ਵੀ ਕੀਤੀ ਜਾ ਰਹੀ ਹੈ। ਸਾਵਧਾਨੀ ਦੇ ਤੌਰ 'ਤੇ ਲੋਕਾਂ ਨੂੰ ਮਾਸਕ ਪਹਿਨਣ ਦੀ ਵੀ ਸਲਾਹ ਦਿੱਤੀ ਜਾ ਰਹੀ ਹੈ। ਸੈਰ-ਸਪਾਟਾ ਕਾਰੋਬਾਰੀਆਂ ਮੁਤਾਬਕ ਇਨ੍ਹੀਂ ਦਿਨੀਂ ਇੱਥੇ ਵਿਦੇਸ਼ੀ ਸੈਲਾਨੀਆਂ ਦੀ ਮੌਜੂਦਗੀ ਸਭ ਤੋਂ ਵਧ ਹੁੰਦੀ ਹੈ ਪਰ ਇਸ ਵਾਰ ਉਨ੍ਹਾਂ ਦੀ ਗਿਣਤੀ ਘੱਟ ਕੇ ਅੱਧ ਤੋਂ ਵੀ ਘੱਟ ਰਹਿ ਗਈ ਹੈ। ਸ਼ਾਵਸਤੀ ਵਿਚ ਮੀਂਹ ਦੇ ਮੌਸਮ ਤੋਂ ਬਾਅਦ ਹਰ ਸਾਲ ਚੀਨ, ਜਾਪਾਨ, ਥਾਈਲੈਂਡ, ਕੋਰੀਆ, ਸ਼੍ਰੀਲੰਕਾ, ਮਿਆਂਮਾਰ ਸਮੇਤ ਕਈ ਦੇਸ਼ਾਂ ਦੇ ਕਰੀਬ 2 ਲੱਖ ਤੋਂ ਵੱਧ ਬੌਧ ਭਿਕਸ਼ੂ ਅਤੇ ਇਸ ਧਰਮ ਨੂੰ ਮੰਨਣ ਵਾਲੇ ਲੋਕ ਆਉਂਦੇ ਹਨ।

Tanu

This news is Content Editor Tanu