ਤੂਫ਼ਾਨ ‘ਤੌਕਤੇ’ ਦਾ ਅੱਜ ਰਾਤ ਗੁਜਰਾਤ ਤੱਟ ਨਾਲ ਟਕਰਾਉਣ ਦਾ ਖ਼ਦਸ਼ਾ, ਸੁਰੱਖਿਅਤ ਥਾਵਾਂ ’ਤੇ ਪਹੁੰਚਾਏ ਗਏ ਲੋਕ

05/17/2021 1:28:38 PM

ਅਹਿਮਦਾਬਾਦ— ਅਰਬ ਸਾਗਰ ਵਿਚ ਉਠੇ ਬਹੁਤ ਤੇਜ਼ ਸ਼੍ਰੇਣੀ ਦੇ ਤੂਫ਼ਾਨ ‘ਤੌਕਤੇ’ ਦੇ ਅੱਜ ਰਾਤ 8 ਤੋਂ 11 ਵਜੇ ਦਰਮਿਆਨ ਗੁਜਰਾਤ ਦੇ ਮਹੁਆ ਅਤੇ ਪੋਰਬੰਦਰ ਵਿਚਾਲੇ ਤੱਟ ਨਾਲ ਟਕਰਾਉਣ ਦਾ ਅਨੁਮਾਨ ਹੈ। ਪਹਿਲਾਂ ਇਸ ਦੇ 18 ਮਈ ਦੀ ਸਵੇਰੇ ਤੱਟ ਤੱਕ ਪਹੁੰਚਣ ਦਾ ਅਨੁਮਾਨ ਸੀ। ਮੌਸਮ ਮਹਿਕਮੇ ਮੁਤਾਬਕ ਇਹ ਤੂਫ਼ਾਨ ਗੁਜਰਾਤ ਦੇ ਵੇਰਾਵਲ ਤੱਟ ਤੋਂ 290 ਕਿਲੋਮੀਟਰ ਦੱਖਣ-ਦੱਖਣੀ-ਪੂਰਬੀ ’ਚ ਸਥਿਤ ਸੀ ਅਤੇ 20 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਸੀ। ਇਸ ਦੇ ਗੁਜਰਾਤ ਤੱਟ ਦੇ ਹੋਰ ਨੇੜੇ ਪਹੁੰਚਣ ਦੌਰਾਨ ਹਵਾਵਾਂ ਦੀ ਰਫ਼ਤਾਰ 155 ਤੋਂ ਲੈ ਕੇ 185 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋ ਸਕਦੀ ਹੈ। ਇਸ ਦੇ ਨਾਲ ਹੀ ਗੁਜਰਾਤ ਦੇ ਭਾਵਨਗਰ, ਗਿਰ ਸੋਮਨਾਥ, ਅਣਰੇਲੀ, ਪੋਰਬੰਦਰ ਤੋਂ ਇਲਾਵਾ ਅਹਿਮਦਾਬਾਦ, ਵੜੋਦਰਾ, ਭਰੂਚ, ਵਲਸਾਡ ਆਦਿ ਵਿਚ ਮੋਹਲੇਧਾਰ ਮੀਂਹ ਪੈ ਸਕਦਾ ਹੈ। 

ਕੋਰੋਨਾ ਟੀਕਾਕਰਨ ਦੋ ਦਿਨ ਰਹੇਗਾ ਬੰਦ—
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੱਲ੍ਹ ਮੁੱਖ ਮੰਤਰੀ ਵਿਜੇ ਰੂਪਾਨੀ ਨਾਲ ਗੱਲ ਕਰ ਕੇ ਤੂਫ਼ਾਨ ਤੋਂ ਬਚਾਅ ਅਤੇ ਰਾਹਤ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਲਈ। ਤੂਫ਼ਾਨ ਦੇ ਮੱਦੇਨਜ਼ਰ ਸੂਬੇ ਵਿਚ ਕੋਰੋਨਾ ਟੀਕਾਕਰਨ ਦਾ ਕੰਮ ਅੱਜ ਅਤੇ ਕੱਲ੍ਹ ਪੂਰੀ ਤਰ੍ਹਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਸੂਬੇ ਦੇ ਆਫ਼ਤ ਕੰਟਰੋਲ ਸਬੰਧੀ ਕੰਮਾਂ ਦੀ ਨਿਗਰਾਨੀ ਕਰ ਰਹੇ ਮਾਲੀਆ ਮਹਿਕਮੇ ਦੇ ਵਧੀਕ ਮੁੱਖ ਸਕੱਤਰ ਪੰਕਜ ਕੁਮਾਰ ਨੇ ਦੱਸਿਆ ਕਿ ਰਾਹਤ ਕੰਮ ਲਈ ਕੁੱਲ ਮਿਲਾ ਕੇ ਐੱਨ. ਡੀ. ਆਰ. ਐੱਫ. ਦੀਆਂ 41, ਐੱਸ. ਡੀ. ਆਰ. ਐੱਫ. ਦੀਆਂ 10 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਅੱਜ ਸਵੇਰੇ 6 ਵਜੇ ਤੱਕ 17 ਜ਼ਿਲ੍ਹਿਆਂ ਦੇ 655 ਪਿੰਡਾਂ ’ਚੋਂ ਇਕ ਲੱਖ ਤੋਂ ਵਧੇਰੇ ਲੋਕਾਂ ਨੂੰ ਸੁਰੱਖਿਆ ਥਾਵਾਂ ’ਤੇ ਪਹੁੰਚਾਇਆ ਜਾ ਚੁੱਕਾ ਹੈ। ਇਸ ਦੌਰਾਨ ਕੋਰੋਨਾ ਸਬੰਧੀ ਸਾਰੇ ਨਿਯਮਾਂ ਦਾ ਪਾਲਣ ਕੀਤਾ ਗਿਆ ਹੈ।

ਮਛੇਰਿਆਂ ਨੂੰ ਸਮੁੰਦਰ ’ਚ ਨਾ ਜਾਣ ਦੀ ਸਲਾਹ—
ਸਮੁੰਦਰ ਵਿਚ ਉੱਥਲ-ਪੁੱਥਲ ਦੇ ਚੱਲਦੇ ਮਛੇਰਿਆਂ ਨੂੰ 5 ਦਿਨਾਂ ਤੱਕ ਇਸ ’ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਸੈਂਕੜੇ ਕਿਸ਼ਤੀਆਂ ਨੂੰ ਵਾਪਸ ਬੁਲਾ ਲਿਆ ਗਿਆ ਹੈ। ਗੁਜਰਾਤ ਦੇ ਵੇਰਾਵਲ, ਪੀਪਵਾਵ, ਜਾਫਰਾਬਾਦ ਆਦਿ ਬੰਦਰਗਾਹਾਂ ’ਤੇ ਵੀ ਗੰਭੀਰ ਸ਼੍ਰੇਣੀ ਨੰਬਰ-10 ਦੀ ਚਿਤਾਵਨੀ ਸਿਗਨਲ ਲਾ ਦਿੱਤਾ ਗਿਆ ਹੈ। ਮੌਸਮ ਕੇਂਦਰ ਵਲੋਂ ਕਿਹਾ ਗਿਆ ਹੈ ਕਿ ਤੂਫ਼ਾਨ, ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਤੱਟੀ ਇਲਾਕਿਆਂ ਵਿਚ ਕੱਚੇ, ਪੱਕੇ ਮਕਾਨਾਂ, ਸੜਕਾਂ, ਬਿਜਲੀ ਦੇ ਖੰਭਿਆਂ, ਦਰੱਖ਼ਤਾਂ ਅਤੇ ਫ਼ਸਲਾਂ ਆਦਿ ਨੂੰ ਨੁਕਸਾਨ ਹੋ ਸਕਦਾ ਹੈ।

ਇਸ ’ਚ ਖ਼ਤਰੇ ਵਾਲੇ ਇਲਾਕਿਆਂ ਤੋਂ ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਮਛੇਰਿਆਂ ਨੂੰ ਸਮੁੰਦਰ ਵਿਚ ਨਾ ਜਾਣ, ਸੜਕ ਅਤੇ ਰੇਲ ਆਵਾਜਾਈ ਨੂੰ ਵੀ ਕੰਟਰੋਲ ਕਰਨ, ਤੂਫ਼ਾਨ ਦੌਰਾਨ ਲੋਕਾਂ ਨੂੰ ਘਰਾਂ ’ਚ ਰਹਿਣ ਦੀ ਸਲਾਹ ਵੀ ਦਿੱਤੀ ਗਈ ਹੈ।

Tanu

This news is Content Editor Tanu