ਭਾਰੀ ਤਬਾਹੀ ਤੋਂ ਬਾਅਦ ਕਮਜ਼ੋਰ ਹੋਇਆ ਮਿਚੌਂਗ ਤੂਫਾਨ, ਮਰਨ ਵਾਲਿਆਂ ਦੀ ਗਿਣਤੀ ਹੋਈ 17

12/07/2023 1:42:57 PM

ਭੁਵਨੇਸ਼ਵਰ, (ਭਾਸ਼ਾ)- ਚੱਕਰਵਾਤੀ ਤੂਫ਼ਾਨ ਮਿਚੌਂਗ ਦੇ ਕਮਜ਼ੋਰ ਪੈ ਕੇ ਘੱਟ ਦਬਾਅ ਵਾਲੇ ਖੇਤਰ ਵਿਚ ਤਬਦੀਲ ਹੋਣ ਕਾਰਨ ਓਡਿਸ਼ਾ ਦੇ ਦੱਖਣੀ ਇਲਾਕਿਆਂ ਵਿਚ ਬੁੱਧਵਾਰ ਨੂੰ ਦਰਮਿਆਨੀ ਬਾਰਿਸ਼ ਪਈ। ਭਾਰਤ ਮੌਸਮ ਵਿਭਾਗ (ਆਈ. ਐੱਮ. ਡੀ.) ਨੇ ਕਿਹਾ ਕਿ ਚੱਕਰਵਾਤੀ ਤੂਫਾਨ ‘ਮਿਚੌਂਗ’ ਕਮਜ਼ੋਰ ਪੈ ਗਿਆ ਹੈ।

ਮਿਚੌਂਗ ਨੇ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ 'ਚ ਮਚਾਈ ਤਬਾਹੀ

ਮਿਚੌਂਗ ਨੇ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਤਬਾਹੀ ਮਚਾਈ ਹੈ। ਸੜਕਾਂ ਨੁਕਸਾਨੀਆਂ ਗਈਆਂ ਹਨ। ਨਦੀਆਂ-ਨਹਿਰਾਂ ਦੇ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ। ਸੂਬੇ 'ਚ ਹਜ਼ਾਰਾਂ ਏਕੜ ਫਸਲਾਂ ਡੁੱਬ ਗਈਆਂ ਹਨ। ਤਾਮਿਲਨਾਡੂ ਦੇ ਚੇਨਈ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਸੋਮਵਾਰ ਨੂੰ ਆਏ ਮਿਚੌਂਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 17 ਹੋ ਗਈ ਹੈ। ਇਸਦੇ ਨਾਲ ਹੀ ਮੰਗਲਵਾਰ ਨੂੰ ਚੇਨਈ ਅਤੇ ਉਸਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਪਾਣੀ ਭਰ ਗਿਆ ਹੈ ਜਿਥੇ ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਕਿਸ਼ਤੀਆਂ ਅਤੇ ਟ੍ਰੈਕਟਰਾਂ ਦਾ ਇਸਤੇਮਾਲ ਕੀਤਾ ਗਿਆ।

ਇਹ ਵੀ ਪੜ੍ਹੋ- ChatGPT ਤੋਂ ਪੁੱਛਦੇ ਹੋ ਬੀਮਾਰੀ ਦਾ ਇਲਾਜ ਤਾਂ ਹੋ ਜਾਓ ਸਾਵਧਾਨ! ਮੁਸ਼ਕਿਲ 'ਚ ਪੈ ਸਕਦੀ ਹੈ ਜ਼ਿੰਦਗੀ

ਇਹ ਘਟਨਾ ਬੁੱਧਵਾਰ ਸਵੇਰੇ 5.30 ਵਜੇ ਖਮਾਮ ਤੋਂ ਕਰੀਬ 50 ਕਿਲੋਮੀਟਰ ਦੂਰ ਪੂਰਬ-ਉੱਤਰ-ਪੂਰਬ, ਗੰਨਾਵਰਮ (ਵਿਜੇਵਾੜਾ) ਤੋਂ 110 ਕਿ. ਮੀ. ਉੱਤਰ-ਉੱਤਰ-ਪੱਛਮ ਅਤੇ ਜਗਦਲਪੁਰ ਤੋਂ 250 ਕਿ. ਮੀ. ਦੱਖਣ-ਪੱਛਮ ਵਿਚ ਕੇਂਦਰਿਤ ਸੀ। ਰਾਸ਼ਟਰੀ ਮੌਸਮ ਏਜੰਸੀ ਨੇ ਕਿਹਾ ਕਿ ਚੱਕਰਵਾਤ ਦੇ ਉੱਤਰ ਵੱਲ ਵਧਣ ਅਤੇ ਅਗਲੇ 6 ਘੰਟਿਆਂ ਦੌਰਾਨ ਘੱਟ ਦਬਾਅ ਵਾਲੇ ਖੇਤਰ ਵਿਚ ਹੋਰ ਕਮਜ਼ੋਰ ਪੈਣ ਦੀ ਸੰਭਾਵਨਾ ਹੈ।

ਚੇਨਈ ਅਤੇ ਉਸਦੇ ਨੇੜੇ-ਤੇੜੇ ਦੇ ਜ਼ਿਲਿਆਂ ਵਿਚ ਚੱਕਰਵਾਤੀ ‘ਮਿਚੌਂਗ’ ਵਲੋਂ ਮਚਾਈ ਗਈ ਭਾਰੀ ਤਬਾਹੀ ਦੇ ਦੋ ਦਿਨ ਬਾਅਦ ਬੁੱਧਵਾਰ ਨੂੰ ਸਥਾਨਕ ਲੋਕਾਂ ਨੂੰ ਪਾਣੀ ਭਰਨ ਅਤੇ ਬਿਜਲੀ ਦੀ ਸਮੱਸਿਆ ਨਾਲ ਜੂਝਣਾ ਪਿਆ। ਹਾਲਾਂਕਿ, ਸਥਾਨਕ ਏਜੰਸੀਆਂ ਦੇ ਕਰਮਚਾਰੀਆਂ ਨੇ ਰਾਹਤ ਅਤੇ ਮੁੜ ਵਸੇਬੇ ਦੇ ਯਤਨ ਤੇਜ਼ ਕਰ ਦਿੱਤੇ ਹਨ। ਸਰਕਾਰ ਨੇ ਕਿਹਾ ਕਿ ਕਈ ਖੇਤਰਾਂ ਵਿਚ ਬਿਜਲੀ ਦੀਆਂ ਤਾਰਾਂ ਪਾਣੀ ਵਿਚ ਡੁੱਬਣ ਕਾਰਨ ਸਾਵਧਾਨੀ ਵਜੋਂ ਬਿਜਲੀ ਸਪਲਾਈ ਬਹਾਲ ਨਹੀਂ ਕੀਤੀ ਗਈ ਹੈ। ਆਮ ਸਥਿਤੀ ਬਹਾਲ ਕਰਨ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ।

ਚੇਨਈ ਵਿਚ 7 ​​ਦਸੰਬਰ ਨੂੰ ਸਕੂਲਾਂ ਅਤੇ ਕਾਲਜਾਂ ਵਿਚ ਇਕ ਹੋਰ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਚੱਕਰਵਾਤ ਦੇ ਪ੍ਰਭਾਵ ਕਾਰਨ ਪਏ ਭਾਰੀ ਮੀਂਹ ਕਾਰਨ ਵੇਲਾਚੇਰੀ ਅਤੇ ਤਾਂਬਰਮ ਸਮੇਤ ਕਈ ਇਲਾਕਿਆਂ ਵਿਚ ਹੜ੍ਹ ਵਾਲੀ ਸਥਿਤੀ ਬਣੀ ਹੋਈ ਸੀ। ਬੁੱਧਵਾਰ ਨੂੰ ਵੀ ਲੋਕਾਂ ਨੂੰ ਪਾਣੀ ਭਰੇ ਇਲਾਕਿਆਂ ’ਚ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਂਦੇ ਦੇਖਿਆ ਗਿਆ।

ਇਹ ਵੀ ਪੜ੍ਹੋ- WhatsApp ਨੇ 75 ਲੱਖ ਭਾਰਤੀ ਅਕਾਊਂਟ ਕੀਤੇ ਬੈਨ, ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗ਼ਲਤੀ

Rakesh

This news is Content Editor Rakesh