CRPF ਦਾ ਹੀਰੋ ਕਮਾਂਡਰ ਸੰਦੀਪ, ਜ਼ਖ਼ਮੀ ਹੋਣ ਦੇ ਬਾਵਜੂਦ ਨਕਸਲੀਆਂ ਦਾ ਡਟ ਕੇ ਕੀਤਾ ਮੁਕਾਬਲਾ

04/05/2021 8:47:33 PM

ਬੀਜਾਪੁਰ - ਛੱਤੀਸਗੜ੍ਹ ਦੇ ਬੀਜਾਪੁਰ ਅਤੇ ਸੁਕਮਾ ਵਿੱਚ ਸ਼ਨੀਵਾਰ ਨੂੰ ਨਕਸਲੀਆਂ ਨੇ ਸੰਨ੍ਹ ਲਗਾ ਕੇ ਸੁਰੱਖਿਆ ਬਲਾਂ ਦੀ ਟੀਮ 'ਤੇ ਹਮਲਾ ਕਰ ਦਿੱਤਾ ਜਿਸ ਵਿੱਚ 22 ਜਵਾਨ ਸ਼ਹੀਦ ਹੋ ਗਏ। ਸ਼ਹੀਦ ਹੋਣ ਵਾਲਿਆਂ ਵਿੱਚ ਕੋਬਰਾ ਬਟਾਲੀਅਨ, DRG, STF ਅਤੇ ਇੱਕ ਬਸਤਰਿਆ ਬਟਾਲੀਅਨ ਦੇ ਜਵਾਨ ਸ਼ਾਮਲ ਹਨ। ਹਾਲਾਂਕਿ, ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਜੇਕਰ ਸੀ.ਆਰ.ਪੀ.ਐੱਫ ਦੇ ਸੈਕੰਡ ਇਨ ਕਮਾਂਡ ਸੰਦੀਪ ਦਿਵੇਦੀ ਨੇ ਹਿੰਮਤ ਅਤੇ ਬਹਾਦਰੀ ਨਾ ਵਿਖਾਈ ਹੁੰਦੀ ਤਾਂ ਹੋਰ ਜਵਾਨਾਂ ਦੀ ਜਾਨ ਜਾ ਸਕਦੀ ਸੀ। ਫਿਲਹਾਲ ਉਨ੍ਹਾਂ ਦਾ ਇਲਾਜ ਰਾਏਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ।

ਦਰਅਸਲ, ਬੀਜਾਪੁਰ ਵਿੱਚ ਨਕਸਲ ਵਿਰੋਧੀ ਮੁਹਿੰਮ ਲਈ ਕੋਬਰਾ ਬਟਾਲੀਅਨ, DRG ਅਤੇ STF ਦੀ ਸੰਯੁਕਤ ਟੀਮ ਨਿਕਲੀ ਸੀ, ਇਸ ਆਪਰੇਸ਼ਨ ਨੂੰ ਸੀ.ਆਰ.ਪੀ.ਐੱਫ. ਦੇ ਕੋਬਰਾ ਬਟਾਲੀਅਨ ਦੇ ਸੈਕੰਡ ਇਨ ਕਮਾਂਡ ਸੰਦੀਪ ਦਿਵੇਦੀ ਲੀਡ ਕਰ ਰਹੇ ਸਨ। ਜਦੋਂ ਨਕਸਲੀਆਂ ਨੇ ਸੰਨ੍ਹ ਲਗਾ ਕੇ ਜਵਾਨਾਂ 'ਤੇ ਹਮਲਾ ਕੀਤਾ ਤਾਂ ਸੰਦੀਪ ਦਿਵੇਦੀ ਨੇ ਗੋਲੀਆਂ ਦੀ ਬੌਛਾਰ ਅਤੇ ਮੌਤ ਦੇ ਮੰਜਰ ਵਿਚਾਲੇ ਅਦਭੁਤ ਹਿੰਮਤ ਦਿਖਾਈ।

ਉਨ੍ਹਾਂ ਨੇ ਜਵਾਨਾਂ ਨੂੰ ਨਾ ਸਿਰਫ ਹਿੰਮਤ ਦਿੰਦੇ ਹੋਏ ਜਵਾਬੀ ਕਾਰਵਾਈ ਕਰਣ ਨੂੰ ਕਿਹਾ ਸਗੋਂ ਨਕਸਲੀਆਂ ਵੱਲੋਂ ਸੁਰੱਖਿਆ ਬਲਾਂ ਨੂੰ ਫਸਾਉਣ ਲਈ ਲਗਾਏ ਮਾਰੂ ਐਂਬੁਸ ਨੂੰ ਵੀ ਤੋੜਿਆ। ਇੱਕ ਪਾਸੇ ਜਿੱਥੇ ਉਹ ਨਕਸਲੀਆਂ ਦੇ ਹਮਲੇ ਦਾ ਜਵਾਬ ਦੇ ਰਹੇ ਸਨ ਉਥੇ ਹੀ ਦੂਜੇ ਪਾਸੇ ਜ਼ਖ਼ਮੀ ਜਵਾਨਾਂ ਨੂੰ ਉੱਥੋਂ ਕੱਢ ਕੇ ਸੁਰੱਖਿਅਤ ਥਾਂ ਪਹੁੰਚਾਣ ਦੀ ਕੋਸ਼ਿਸ਼ ਵਿੱਚ ਵੀ ਲੱਗੇ ਹੋਏ ਸਨ। ਇਸ ਦੌਰਾਨ ਉਹ ਖੁਦ ਜ਼ਖ਼ਮੀ ਹੋ ਗਏ।

ਦੱਸ ਦਿਓ ਕਿ ਸ਼ਨੀਵਾਰ ਨੂੰ ਨਕਸਲੀਆਂ ਨੇ ਸੁਰੱਖਿਆ ਬਲਾਂ 'ਤੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਕਈ ਜਵਾਨਾਂ ਦੀ ਮੌਤ ਹੋ ਗਈ। ਇੱਕ ਜਵਾਨ ਦੀ ਲਾਸ਼ ਉਸੇ ਦਿਨ ਬਰਾਮਦ ਕਰ ਲਈ ਗਈ ਸੀ ਪਰ ਬਾਕੀ ਜਵਾਨ ਲਾਪਤਾ ਹੋ ਗਏ ਸਨ। 4 ਅਪ੍ਰੈਲ ਨੂੰ ਸਰਚ ਆਪਰੇਸ਼ਨ ਦੌਰਾਨ 21 ਹੋਰ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਅਜੇ ਵੀ ਇੱਕ ਜਵਾਨ ਲਾਪਤਾ ਹਨ ਜਿਸ ਦੀ ਤਲਾਸ਼ ਜਾਰੀ ਹੈ। ਇਸ ਮੁਕਾਬਲੇ ਵਿੱਚ 31 ਜਵਾਨ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

Inder Prajapati

This news is Content Editor Inder Prajapati