ਹਰਿਆਣਾ ਸਰਕਾਰ ਦਾ ਸਖ਼ਤ ਨਿਰਦੇਸ਼, 48 ਘੰਟਿਆਂ ’ਚ ਮੰਡੀ ’ਚੋਂ ਫ਼ਸਲ ਨਾ ਚੁੱਕਣ ’ਤੇ ਲੱਗੇਗਾ ਜੁਰਮਾਨਾ

03/13/2021 6:37:46 PM

ਹਿਸਾਰ— ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਹੈ ਕਿ ਹਾੜ੍ਹੀ ਦੀਆਂ ਫ਼ਸਲਾਂ ਦੀ ਖਰੀਦ ਦੋ ਪੜਾਵਾਂ ’ਚ ਹੋਵੇਗੀ। ਸੂਬਾ ਸਰਕਾਰ ਨੇ ਫ਼ਸਲ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ’ਤੇ ਖਰੀਦਣ ਲਈ ਮੰਡੀ ਪੱਧਰ ’ਤੇ ਤਿਆਰੀ ਕਰ ਲਈ ਹੈ। ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਕਣਕ ਅਤੇ ਸਰੋਂ ਦੀ ਸਰਕਾਰੀ ਖਰੀਦ ਹਰਿਆਣਾ ਸਰਕਾਰ 1 ਅਪ੍ਰੈਲ ਤੋਂ ਸ਼ੁਰੂ ਕਰੇਗੀ ਅਤੇ ਜੌ, ਛੋਲੇ ਅਤੇ ਦਾਲਾਂ ਦੀ ਐੱਮ. ਐੱਸ. ਪੀ. ’ਤੇ ਖਰੀਦ 10 ਅਪ੍ਰੈਲ ਤੋਂ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਟਰਾਂਸਪੋਰਟਰ ਨੇ 48 ਘੰਟਿਆਂ ’ਚ ਮੰਡੀ ’ਚੋਂ ਫ਼ਸਲ ਨਹੀਂ ਚੁੱਕੀ ਤਾਂ ਉਸ ’ਤੇ ਜੁਰਮਾਨਾ ਕੀਤਾ ਜਾਵੇਗਾ। 

ਦੁਸ਼ਯੰਤ ਚੌਟਾਲਾ ਨੇ ਹਾੜ੍ਹੀ ਦੀਆਂ ਫ਼ਸਲਾਂ ਦੀ ਖਰੀਦ ਨੂੰ ਲੈ ਕੇ ਖਰੀਦ ਪ੍ਰਕਿਰਿਆ ਨਾਲ ਜੁੜੇ ਉੱਚ ਅਧਿਕਾਰੀਆਂ ਨਾਲ ਇੱਥੇ ਬੈਠਕ ਕੀਤੀ। ਇਸ ਪ੍ਰਕਿਰਿਆ ਨੂੰ ਸੌਖਾ ਬਣਾਉਣ, ਕਿਸਾਨਾਂ-ਆੜ੍ਹਤੀਆਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਨਾ ਆਵੇ ਅਤੇ ਸਮੇਂ ’ਤੇ ਫ਼ਸਲ ਨੂੰ ਚੁੱਕਣ ਬਾਰੇ ਜ਼ਰੂਰੀ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ’ਚ ਕਿਸੇ ਪ੍ਰਕਾਰ ਦੀ ਸਮੱਸਿਆ ਕਿਸੇ ਵੀ ਪੱਧਰ ’ਤੇ ਨਹੀਂ ਆਉਣੀ ਚਾਹੀਦੀ। 

ਉੱਪ ਮੁੱਖ ਮੰਤਰੀ ਨੇ ਕਿਹਾ ਕਿ ‘ਮੇਰੀ ਫ਼ਸਲ ਮੇਰਾ ਬਿਊਰਾ’ ਪੋਰਟਲ ’ਤੇ ਆਪਣਾ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਕਿਸਾਨਾਂ ਨੂੰ ਕਣਕ, ਸਰੋਂ, ਜੌ, ਛੋਲੇ ਦੀ ਫ਼ਸਲ ਦਾ ਇਕ-ਇਕ ਦਾਣਾ ਹਰਿਆਣਾ ਸਰਕਾਰ ਐੱਮ. ਐੱਸ. ਪੀ. ’ਤੇ ਖਰੀਦੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਕਿਸਾਨਾਂ ਦਾ ਜੇ-ਫਾਰਮ ਕੱਟਣ ਦੇ 48 ਘੰਟਿਆਂ ਦੇ ਅੰਦਰ ਕਿਸਾਨਾਂ ਦੇ ਖ਼ਾਤਿਆਂ ’ਚ ਫ਼ਸਲ ਦੀ ਰਾਸ਼ੀ ਪਹੁੰਚ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਮੰਡੀਆਂ ’ਚ ਆਈਆਂ ਫ਼ਸਲਾਂ ਨੂੰ ਸਮੇਂ ’ਤੇ ਚੁੱਕਿਆ ਜਾਵੇ, ਇਸ ਲਈ ਬਿਹਤਰ ਵਿਵਸਥਾ ਕੀਤੀ ਗਈ ਹੈ। ਚੌਟਾਲਾ ਨੇ ਕਿਹਾ ਕਿ ਹੁਣ ਤੱਕ ਕਰੀਬ ਸਾਢੇ 7 ਲੱਖ ਕਿਸਾਨਾਂ ਨੇ ਆਪਣੀ ਫ਼ਸਲ ਵੇਚਣ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਮੰਡੀਆਂ ’ਚ ਲਿਆਉਣ ਲਈ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਇਹ  ਵੀ ਕਿਹਾ ਕਿ ਫ਼ਸਲਾਂ ਦਾ ਸਮੇਂ ’ਤੇ ਭੁਗਤਾਨ ਹੋਵੇ, ਇਸ ਲਈ ਸਬੰਧਤ ਅਧਿਕਾਰੀਆਂ ਨੂੰ ਕਿਸਾਨਾਂ ਅਤੇ ਆੜ੍ਹਤੀਆਂ ਦੇ ਖ਼ਾਤੇ ਵੈਰੀਫਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। 

Tanu

This news is Content Editor Tanu