2 ਦਰਜਨ ਤੋਂ ਵੱਧ ਗਾਵਾਂ ਦੀ ਮੌਤ, ਗਊਂਸ਼ਾਲਾ ਸੰਚਾਲਕ ਤੇ ਭਾਜਪਾ ਆਗੂ ਗ੍ਰਿਫਤਾਰ

08/19/2017 1:20:22 AM

ਰਾਏਪੁਰ — ਛੱਤੀਸਗੜ੍ਹ ਦੇ ਦੁਰਗ ਜ਼ਿਲੇ 'ਚ ਗਊਂਸ਼ਾਲਾ 'ਚ 2 ਦਰਜਨ ਤੋਂ ਜ਼ਿਆਦਾ ਗਾਵਾਂ ਦੀ ਮੌਤ ਹੋ ਗਈ ਹੈ। ਪੁਲਸ ਨੇ ਗਊਸ਼ਾਲਾ ਸੰਚਾਲਕ ਅਤੇ ਭਾਜਪਾ ਆਗੂ ਹਰੀਸ਼ ਵਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਥੇ ਜ਼ਿਲਾ ਪ੍ਰਸ਼ਾਸਨ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੁਰਗ ਖੇਤਰ ਦੇ ਪੁਲਸ ਇੰਸਪੈਕਟਰ ਦੀਪਾਂਸ਼ੂ ਕਾਬਰਾ ਨੇ ਦੱਸਿਆ ਕਿ ਜ਼ਿਲੇ ਦੇ ਧਮਧਾ ਥਾਣਾ ਖੇਤਰ ਦੇ ਅੰਤਰਗਤ ਰਾਜਪੁਰ ਪਿੰਡ ਸਥਿਤ ਗਊਂਸ਼ਾਲਾ 'ਚ ਗਾਵਾਂ ਦੀ ਮੌਤ ਦੇ ਮਾਮਲੇ 'ਚ ਪੁਲਸ ਨੇ ਗਊਸ਼ਾਲਾ ਸੰਚਾਲਕ ਹਰੀਸ਼ ਨੂੰ ਗ੍ਰਿਫਤਾਰ ਕਰ ਲਿਆ ਹੈ। ਛੱਤੀਸਗੜ੍ਹ ਰਾਜ ਗਊਂ ਸੇਵਾ ਕਮਿਸ਼ਨ ਦੀ ਸ਼ਿਕਾਇਤ 'ਤੇ ਇਹ ਕਾਰਵਾਈ ਕੀਤੀ ਗਈ ਹੈ। ਕਾਬਰਾ ਨੇ ਦੱਸਿਆ ਕਿ ਵਰਮਾ ਖਿਲਾਫ ਛੱਤੀਸਗੜ੍ਹ ਖੇਤੀਬਾੜੀ ਜਾਨਵਰ ਸੁਰੱਖਿਆ ਐਕਟ 2004 ਦੀ ਧਾਰਾ 4, 6 ਅਤੇ ਪਸ਼ੂ ਬੇਰਹਿਮੀ ਰੋਕਥਾਮ ਐਕਟ-1960 ਦੀ ਧਾਰਾ 11 ਤਹਿਤ ਕਾਰਵਾਈ ਕੀਤੀ ਗਈ ਹੈ। ਕਮਿਸ਼ਨ ਮੁਤਾਬਕ ਗਊਂਸ਼ਾਲਾ 'ਚ ਚੰਗਾ ਪ੍ਰਬੰਧ ਨਹੀਂ ਸੀ। ਦੁਰਗ ਜ਼ਿਲਾ ਦੰਡਅਧਿਕਾਰੀ ਸੰਜੈ ਅਗਰਵਾਲ ਨੇ ਦੱਸਿਆ ਕਿ ਜ਼ਿਲੇ ਦੇ ਧਮਧਾ ਵਿਕਾਸਖੰਡ ਦੇ ਅੰਤਰਗਤ ਰਾਜਪੂਰ ਪਿੰਡ ਸਥਿਤ ਗਊਂਸ਼ਾਲਾ 'ਚ ਪਿਛਲੇ 2 ਦਿਨਾਂ 'ਚ 27 ਗਾਵਾਂ ਦੀ ਮੌਤ ਹੋ ਗਈ। ਗਊਂਸ਼ਾਲਾ 'ਚ ਲਗਭਗ 500 ਗਾਵਾਂ ਹਨ। ਅਗਰਵਾਲ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਸ਼ੂ ਚਿਕਿਤਸਕਾਂ ਦੇ ਦਲ ਨੂੰ ਮਾਮਲੇ ਦੀ ਜਾਂਚ ਲਈ ਭੇਜਿਆ ਗਿਆ। ਉਥੇ ਹੀ ਐਸ. ਡੀ. ਐਮ. ਨੇ ਵੀ ਘਟਨਾ ਵਾਲੇ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਤੋਂ ਬਾਅਦ ਹੀ ਜਾਨਵਰਾਂ ਦੀ ਮੌਤ ਦੇ ਕਾਰਨ ਬਾਰੇ 'ਚ ਜਾਣਕਾਰੀ ਮਿਲ ਸਕੇਗੀ। 
ਉਥੇ ਹੀ ਗਊਂਸ਼ਾਲਾ ਸੰਚਾਲਕ ਅਤੇ ਜਾਮੁਲ ਨਗਰ ਪਾਲਿਕਾ ਦੇ ਉਪ ਪ੍ਰਧਾਨ ਹਰੀਸ਼ ਵਰਮਾ ਨੇ ਦੱਸਿਆ ਕਿ ਇਸ ਮਹੀਨੇ ਦੀ 15 ਤਾਰੀਕ ਨੂੰ ਖੇਤਰ 'ਚ ਤੇਜ਼ ਮੀਂਹ ਕਾਰਨ ਗਊਂਸ਼ਾਲਾ ਦੀ 90 ਫੁੱਟ ਲੰਬੀ ਕੰਧ ਡਿੱਗ ਗਈ ਸੀ। ਇਸ 'ਚ ਸੱਟਾਂ ਲੱਗਣ ਨਾਲ ਪਿਛਲੇ 3 ਦਿਨਾਂ 'ਚ 26 ਗਾਵਾਂ ਦੀ ਮੌਤ ਹੋ ਗਈ। ਉਥੇ ਹੀ ਕੁੱਝ ਗਾਵਾਂ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਵਰਮਾ ਨੇ ਦੱਸਿਆ ਕਿ ਪਿਛਲੇ ਇਕ ਸਾਲ 'ਚ ਉਸ ਨੇ ਗਊਂਸ਼ਾਲਾ ਦੇ ਲਈ ਛੱਤੀਸਗੜ੍ਹ ਰਾਜ ਗਊਂ ਸੇਵਾ ਕਮਿਸ਼ਨ ਤੋਂ ਕੋਈ ਵੀ ਗ੍ਰਾਂਟ ਨਹੀਂ ਮਿਲੀ ਹੈ। ਗ੍ਰਾਂਟ ਲਈ ਉਸ ਨੇ ਕਈ ਵਾਰ ਕਮਿਸ਼ਨ ਨੂੰ ਪੱਤਰ ਲਿਖਿਆ ਸੀ ਅਤੇ ਦੂਜੇ ਪਾਸੇ ਸੂਬੇ ਦੇ ਮੁੱਖ ਵਿਰੋਧੀ ਦਲ ਕਾਂਗਰਸ ਨੇ ਦੋਸ਼ ਲਾਇਆ ਕਿ ਗਾਵਾਂ ਦੀ ਮੌਤ ਭੁੱਖ ਕਾਰਨ ਹੋਈ ਹੈ। ਛੱਤੀਸਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਆਰ. ਪੀ. ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਗ੍ਰਾਮੀਣਾਂ ਤੋਂ ਜਾਣਕਾਰੀ ਮਿਲੀ ਹੈ ਕਿ ਗਾਵਾਂ ਦੀ ਮੌਤ ਚਾਰਾ ਅਤੇ ਪਾਣੀ ਨਾ ਮਿਲਣ ਕਾਰਨ ਹੋਈ ਹੈ। ਗ੍ਰਾਮੀਣਾਂ ਮੁਤਾਬਕ ਗਊਂਸ਼ਾਲਾ 'ਚ ਕੋਈ ਵੀ ਚੰਗਾ ਪ੍ਰਬੰਧ ਨਹੀਂ ਸੀ, ਜਿਸ ਕਾਰਨ ਲਗਭਗ 300 ਗਾਵਾਂ ਦੀ ਮੌਤ ਹੋਈ ਹੈ। ਕਾਂਗਰਸ ਨੇ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।