ਨੂਹ ਹਿੰਸਾ: ਬਿੱਟੂ ਬਜਰੰਗੀ ਨੂੰ ਪੁਲਸ ਹਿਰਾਸਤ ''ਚ ਭੇਜਿਆ ਗਿਆ

08/16/2023 6:07:28 PM

ਨੂਹ- ਹਰਿਆਣਾ ਦੇ ਨੂਹ ਦੀ ਇਕ ਅਦਾਲਤ ਨੇ 'ਗਊ ਰੱਖਿਅਕ' ਬਿੱਟੂ ਬਜਰੰਗੀ ਨੂੰ ਜ਼ਿਲ੍ਹੇ ਵਿਚ ਭੜਕੀ ਫਿਰਕੂ ਹਿੰਸਾ ਦੇ ਸਿਲਸਿਲੇ ਵਿਚ ਬੁੱਧਵਾਰ ਨੂੰ ਇਕ ਦਿਨ ਦੀ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਹੈ। ਪੁਲਸ ਨੇ ਕਿਹਾ ਹੈ ਕਿ ਉਸ ਦੇ ਸਾਥੀਆਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 31 ਜਨਵਰੀ ਨੂੰ ਜ਼ਿਲ੍ਹੇ ਵਿਚ ਹਿੰਸਾ ਭੜਕ ਗਈ ਸੀ। ਪੁਲਸ ਮੁਤਾਬਕ ਸਹਾਇਕ ਪੁਲਸ ਸੁਪਰਡੈਂਟ (ਏ. ਐੱਸ. ਪੀ.) ਊਸ਼ਾ ਕੁੰਡੂ ਦੀ ਸ਼ਿਕਾਇਤ 'ਤੇ ਨੂਹ ਦੇ ਸਦਰ ਥਾਣੇ ਵਿਚ ਬਜਰੰਗੀ ਉਰਫ਼ ਰਾਜ ਕੁਮਾਰ ਖ਼ਿਲਾਫ ਨਵੀਂ FIR ਦਰਜ ਕੀਤੀ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਮੰਗਲਵਾਰ ਨੂੰ ਫਰੀਦਾਬਾਦ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।

ਬਜਰੰਗੀ ਦੀ ਪਛਾਣ ਸੋਸ਼ਲ ਮੀਡੀਆ ਪੋਸਟ ਜ਼ਰੀਏ ਹੋਈ। ਫਰੀਦਾਬਾਦ ਪੁਲਸ ਨੇ ਦੰਗਿਆਂ ਨਾਲ ਜੁੜੇ ਇਕ ਹੋਰ ਮਾਮਲੇ ਵਿਚ ਬਜਰੰਗੀ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਦੀ ਗ੍ਰਿਫ਼ਤਾਰੀ ਹਿੰਸਾ ਦੇ ਦੋ ਦਿਨ ਬਾਅਦ ਕੀਤੀ ਗਈ ਸੀ ਪਰ ਉਸ ਦੇ ਜਾਂਚ 'ਚ ਸ਼ਾਮਲ ਹੋਣ ਮਗਰੋਂ ਉਸ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ ਸੀ। ਉਸ 'ਤੇ ਭੜਕਾਊ ਭਾਸ਼ਣ ਦੇਣ ਅਤੇ ਜਨਤਕ ਤੌਰ 'ਤੇ ਹਥਿਆਰ ਲਹਿਰਾਉਣ ਦਾ ਦੋਸ਼ ਹੈ। 

ਨੂਹ ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਬਜਰੰਗੀ ਨੂੰ ਅੱਜ ਸ਼ਹਿਰ ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਅਸੀਂ ਉਸ ਨੂੰ ਪੁੱਛ-ਗਿੱਛ ਲਈ ਇਕ ਦਿਨ ਦੀ ਪੁਲਸ ਹਿਰਾਸਤ ਵਿਚ ਲਿਆ ਹੈ। ਜਾਂਚ ਜਾਰੀ ਹੈ। ਓਧਰ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਬਜਰੰਗੀ ਨਾਲ ਕਿਸੇ ਤਰ੍ਹਾਂ ਦਾ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਉਹ ਕਦੇ ਵੀ ਬਜਰੰਗ ਦਲ ਨਾਲ ਨਹੀਂ ਜੁੜਿਆ ਸੀ। ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ ਦੀ ਯੁਵਾ ਇਕਾਈ ਹੈ। 

Tanu

This news is Content Editor Tanu