ਕੋਰੋਨਾ ਆਫ਼ਤ: ਦੇਸ਼ ''ਚ ਪਿਛਲੇ 24 ਘੰਟਿਆਂ ਅੰਦਰ 34 ਹਜ਼ਾਰ ਤੋਂ ਵਧੇਰੇ ਮਾਮਲੇ, 671 ਮੌਤਾਂ

07/18/2020 11:08:11 AM

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਭਾਰਤ ਵਿਚ ਦਿਨੋਂ-ਦਿਨ ਰਫ਼ਤਾਰ ਫੜ੍ਹਦੀ ਜਾ ਰਹੀ ਹੈ। ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਅੰਦਰ ਭਾਰਤ 'ਚ 34,884 ਨਵੇਂ ਮਾਮਲੇ ਸਾਹਮਣੇ ਆਏ ਅਤੇ 671 ਮੌਤਾਂ ਹੋਈਆਂ ਹਨ। ਵੱਧ ਰਹੇ ਪੀੜਤ ਮਾਮਲਿਆਂ ਦੀ ਗਿਣਤੀ ਕਾਰਨ ਦੇਸ਼ ਵਿਚ ਪਾਜ਼ੇਟਿਵ ਕੇਸਾਂ ਦੀ ਗਿਣਤੀ 10,38,716 ਹੋ ਗਈ ਹੈ। ਰਾਹਤ ਦੀ ਖ਼ਬਰ ਇਹ ਵੀ ਹੈ ਕਿ ਜਿਵੇਂ-ਜਿਵੇਂ ਮਾਮਲੇ ਵੱਧ ਰਹੇ ਹਨ, ਠੀਕ ਹੋਣ ਵਾਲੀਆਂ ਦੀ ਗਿਣਤੀ ਵੀ ਵੱਧ ਰਹੀ ਹੈ। ਹੁਣ 6,53,751 ਲੋਕ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਹਸਪਤਾਲਾਂ 'ਚੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਇਸ ਤਰ੍ਹਾਂ ਹੁਣ ਤੱਕ ਕੋਰੋਨਾ ਕਾਰਨ ਮੌਤਾਂ ਦਾ ਅੰਕੜਾ 26,273 'ਤੇ ਪੁੱਜ ਗਿਆ ਹੈ।

ਮੰਤਰਾਲਾ ਮੁਤਾਬਕ ਇਸ ਖ਼ਤਰਨਾਕ ਮਹਾਮਾਰੀ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਾ ਮਹਾਰਾਸ਼ਟਰ ਹੈ, ਜਿੱਥੇ ਕੁੱਲ 2,92,589 ਕੋਰੋਨਾ ਦੇ ਮਾਮਲੇ ਹਨ ਅਤੇ ਜਦਕਿ 11,452 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਨੰਬਰ 'ਤੇ ਤਾਮਿਲਨਾਡੂ ਬਣਿਆ ਹੋਇਆ ਹੈ, ਜਿੱਥੇ 1,60,907 ਮਾਮਲੇ ਹਨ ਅਤੇ 2,315 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ ਦਿੱਲੀ ਵਿਚ ਕੁੱਲ 1,20,107 ਮਾਮਲੇ ਹਨ ਅਤੇ ਵਾਇਰਸ ਕਾਰਨ 3,517 ਮੌਤਾਂ ਹੋਈਆਂ ਹਨ। 

ਇਸ ਦਰਮਿਆਨ ਭਾਰਤੀ ਮੈਡੀਕਲ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਨੇ ਕਿਹਾ ਕਿ ਕੋਵਿਡ-19 ਦੇ ਨਮੂਨਿਆਂ ਦੀ ਜਾਂਚ 'ਚ ਤੇਜ਼ੀ ਆਈ ਹੈ। 17 ਜੁਲਾਈ ਤੱਕ 1,34,33,742 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ, ਇਨ੍ਹਾਂ 'ਚੋਂ 3,61,024 ਨਮੂਨਿਆਂ ਦੀ ਕੱਲ ਜਾਂਚ ਕੀਤੀ ਗਈ ਸੀ।

Tanu

This news is Content Editor Tanu