ਕੋਰੋਨਾ ਦਾ ਖ਼ੌਫ: ਜੰਮੂ-ਕਸ਼ਮੀਰ ’ਚ ਲਾਗੂ ਕੀਤੀਆਂ ਗਈਆਂ ਸਖ਼ਤ ਪਾਬੰਦੀਆਂ

05/06/2021 4:07:57 PM

ਸ਼੍ਰੀਨਗਰ (ਭਾਸ਼ਾ)— ਜੰਮੂ-ਕਸ਼ਮੀਰ ’ਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵੱਧਦੇ ਮਾਮਲਿਆਂ ਨੂੰ ਵੇਖਦਿਆਂ ਵੀਰਵਾਰ ਤੋਂ ਤਾਲਾਬੰਦੀ ਸਮੇਤ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਜਿਸ ਕਾਰਨ ਕਈ ਇਲਾਕਿਆਂ ਵਿਚ ਜਨ-ਜੀਵਨ ਵੀ ਪ੍ਰਭਾਵਿਤ ਰਿਹਾ। ਇਸ ਤੋਂ ਇਲਾਵਾ ਵੱਖਵਾਦੀ ਆਗੂ ਮੁਹੰਮਦ ਅਸ਼ਰਫ ਸਹਰਾਈ ਦੇ ਦਿਹਾਂਤ ਕਾਰਨ ਘਾਟੀ ਵਿਚ ਵੀ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਅਧਿਕਾਰੀਆਂ ਮੁਤਾਬਕ ਤਾਲਾਬੰਦੀ ਦੇ ਐਲਾਨ ਨਾਲ ਹੀ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਲੋਕਾਂ ਦੇ ਆਉਣ-ਜਾਣ ਅਤੇ ਇਕੱਠੇ ਹੋਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਜੰਮੂ ਅਤੇ ਘਾਟੀ ਦੇ ਕਈ ਇਲਾਕਿਆਂ ਵਿਚ ਪਹਿਲਾਂ ਤੋਂ ਹੀ ਕਰਫਿਊ ਲਾਗੂ ਹੈ। ਇਸ ਤੋਂ ਬਾਅਦ ਜੰਮੂ ਖੇਤਰ ’ਚ ਵੀ ਲੋਕਾਂ ਦੇ ਇਕੱਠੇ ਹੋਣ ਸਮੇਤ ਕਈ ਪਾਬੰਦੀਆਂ  ਲਾਗੂ ਕਰ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ: ਜੰਮੂ ਕਸ਼ਮੀਰ ਦੇ ਵੱਖਵਾਦੀ ਨੇਤਾ ਅਸ਼ਰਫ਼ ਸਹਰਾਈ ਨੂੰ ਉਨ੍ਹਾਂ ਜੱਦੀ ਪਿੰਡ ਕੀਤਾ ਗਿਆ ਸੁਪਰਦ-ਏ-ਖਾਕ

ਦਰਅਸਲ ਜੰਮੂ ਦੇ ਇਕ ਹਸਪਤਾਲ ਵਿਚ ਬੁੱਧਵਾਰ ਵੱਖਵਾਦੀ ਆਗੂ ਸਹਰਾਈ ਦੇ ਦਿਹਾਂਤ ਤੋਂ ਬਾਅਦ ਹੀ ਘਾਟੀ ਦੇ ਕਈ ਇਲਾਕਿਆਂ ਵਿਚ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਸਨ। ਸਹਰਾਈ ਨੂੰ ਜਨ ਸੁਰੱਖਿਆ ਕਾਨੂੰਨ ਤਹਿਤ ਪਿਛਲੇ ਸਾਲ ਜੁਲਾਈ ਵਿਚ ਹਿਰਾਸਤ ’ਚ ਲਿਆ ਗਿਆ ਸੀ ਅਤੇ ਊਧਮਪੁਰ ਦੀ ਜੇਲ੍ਹ ਵਿਚ ਰੱਖਿਆ ਗਿਆ ਸੀ। ਕੋਵਿਡ ਪ੍ਰੋਟੋਕਾਲ ਤਹਿਤ ਅੱਜ ਤੜਕੇ ਕੁਪਵਾੜਾ ਜ਼ਿਲ੍ਹਾ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਵਿਚ ਸੁਪਰਦ-ਏ-ਖਾਕ ਕੀਤਾ ਗਿਆ। ਲੋਕਾਂ ਦੀ ਆਵਾਜਾਈ ਰੋਕਣ ਲਈ ਸੜਕਾਂ ’ਤੇ ਪੁਲਸ ਵਲੋਂ ਬੈਰੀਕੇਡ ਲਾਏ ਗਏ ਹਨ। ਤਾਲਾਬੰਦੀ ਦੌਰਾਨ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ। 

ਇਹ ਵੀ ਪੜ੍ਹੋ: ਦੇਸ਼ ’ਚ ਕੋਰੋਨਾ ਨੇ ਮੁੜ ਤੋੜੇ ਸਾਰੇ ਰਿਕਾਰਡ, ਇਕ ਦਿਨ ’ਚ ਆਏ 4.12 ਲੱਖ ਨਵੇਂ ਕੇਸ

ਅਧਿਕਾਰੀਆਂ ਨੇ ਦੱਸਿਆ ਕਿ ਤਾਲਾਬੰਦੀ ਕਾਰਨ ਘਾਟੀ ਵਿਚ ਦੁਕਾਨਾਂ, ਪੈਟਰੋਲ ਪੰਪ ਅਤੇ ਹੋਰ ਵਪਾਰਕ ਅਦਾਰੇ ਵੀ ਬੰਦ ਰਹੇ, ਜਦਕਿ ਜਨਤਕ ਟਰਾਂਸਪੋਰਟ ਦੇ ਸਾਧਨ ਵੀ ਸੜਕਾਂ ’ਤੇ ਘੱਟ ਹੀ ਨਜ਼ਰ ਆਏ। ਕੋਵਿਡ-19 ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ 29 ਅਪ੍ਰੈਲ ਨੂੰ ਪ੍ਰਦੇਸ਼ ਦੇ 11 ਜ਼ਿਲ੍ਹਿਆਂ ਵਿਚ ਕਰਫਿਊ ਲਾਗੂ ਕਰਨ ਦਾ ਐਲਾਨ ਕੀਤਾ ਸੀ, ਜਿਸ ਨੂੰ ਅਗਲੇ ਹੀ ਦਿਨ 20 ਜ਼ਿਲ੍ਹਿਆਂ ਵਿਚ ਲਾਗੂ ਕਰ ਦਿੱਤਾ ਗਿਆ ਸੀ।

Tanu

This news is Content Editor Tanu