ਦੇਸ਼ ''ਚ ਅੱਜ ਤੋਂ ਸ਼ੁਰੂ ਹੋਵੇਗਾ ਕੋਰੋਨਾ ਵੈਕਸੀਨ ਦਾ ਡ੍ਰਾਈ ਰਨ, ਜਾਣੋ ਕੀ ਹੈ ਤਿਆਰੀ

01/02/2021 9:01:16 AM

ਨਵੀਂ ਦਿੱਲੀ- ਦੇਸ਼ ਭਰ ਵਿਚ ਅੱਜ ਤੋਂ ਕੋਰੋਨਾ ਵੈਕਸੀਨ ਦਾ ਡ੍ਰਾਈ ਰਨ ਸ਼ੁਰੂ ਕਰਨ ਦੀ ਤਿਆਰੀ ਹੈ। ਇਹ ਡ੍ਰਾਈ ਰਨ ਦੇਸ਼ ਦੇ ਹਰ ਸੂਬੇ ਦੇ ਦੋ-ਦੋ ਸ਼ਹਿਰਾਂ ਵਿਚ ਆਯੋਜਿਤ ਕੀਤਾ ਜਾਵੇਗਾ। ਇਸ ਦੇ ਆਧਾਰ 'ਤੇ ਅਸਲੀ ਟੀਕਾਕਰਨ ਮੁਹਿੰਮ ਨੂੰ ਪੂਰੇ ਸੂਬੇ ਵਿਚ ਅੰਜਾਮ ਦਿੱਤਾ ਜਾਵੇਗਾ। ਇਸ ਡ੍ਰਾਈ ਰਨ ਦੌਰਾਨ ਟੀਕੇ ਦੀ ਵਰਤੋਂ ਨਹੀਂ ਹੁੰਦੀ ਪਰ ਬਾਕੀ ਜੋ ਵੀ ਜ਼ਰੂਰੀ ਜਾਣਕਾਰੀ ਇਕੱਠੀ ਕਰਨੀ ਆਦਿ ਦੀ ਤਿਆਰੀ ਕਰ ਲਈ ਜਾਂਦੀ ਹੈ। ਡ੍ਰਾਈ ਰਨ ਰਾਹੀਂ ਇਹ ਟੈਸਟ ਕੀਤਾ ਜਾਵੇਗਾ ਕਿ ਸਰਕਾਰ ਨੇ ਟੀਕਾਕਰਨ ਦਾ ਜੋ ਪਲਾਨ ਬਣਾਇਆ ਹੈ, ਉਹ ਅਸਲ ਵਿਚ ਕਿੰਨਾ ਕੁ ਸਾਰਥਕ ਹੈ। ਇਸ ਦੇ ਇਲਾਵਾ ਸਰਕਾਰ Co-WIN ਐਪ ਰਾਹੀਂ ਰੀਅਲ ਟਾਈਮ ਮਾਨੀਟਰਿੰਗ ਨੂੰ ਵੀ ਟੈਸਟ ਕਰੇਗੀ। 

ਹੁਣ ਤੱਕ ਦੇਸ਼ ਦੇ ਚਾਰ ਸੂਬਿਆਂ ਪੰਜਾਬ, ਗੁਜਰਾਤ, ਆਸਾਮ ਤੇ ਆਂਧਰਾ ਪ੍ਰਦੇਸ਼ ਵਿਚ ਡ੍ਰਾਈ ਰਨ ਕੀਤਾ ਗਿਆ ਸੀ, ਜੋ ਸਫਲ ਰਿਹਾ। ਹੁਣ ਪੂਰੇ ਦੇਸ਼ ਵਿਚ ਇਹ ਕੀਤਾ ਜਾਵੇਗਾ। 

ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਸ਼ਨੀਵਰ ਨੂੰ ਕੋਰੋਨਾ ਦੇ ਟੀਕਾਕਰਨ ਲਈ ਡ੍ਰਾਈ ਰਨ ਤਿੰਨ ਥਾਵਾਂ 'ਤੇ ਹੋਵੇਗਾ। ਸ਼ਾਹਾਦਰਾ ਦੇ ਗੁਰੂ ਤੇਗ ਬਹਾਦਰ ਹਸਪਤਾਲ, ਦਰਿਆਗੰਜ ਦਾ ਸ਼ਹਿਰੀ ਸਿਹਤ ਕੇਂਦਰ ਅਤੇ ਦਵਾਰਿਕਾ ਦਾ ਵੈਂਕਟੇਸ਼ਵਰ ਹਸਪਤਾਲ। 
ਉੱਤਰ ਪ੍ਰਦੇਸ਼ ਵਿਚ ਲਖਨਊ ਦੇ ਸਹਾਰਾ ਹਸਪਤਾਲ, ਆਰ. ਐੱਮ. ਐੱਲ. ਹਸਪਤਾਲ, ਕੇ. ਜੀ. ਐੱਮ. ਯੂ. ਅਤੇ ਐੱਸ. ਜੀ. ਪੀ. ਜੀ. ਆਈ. ਸਣੇ 6 ਕੇਂਦਰਾਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਕੇਂਦਰਾਂ 'ਤੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਟੀਕਾਕਰਨ ਦੀਆਂ ਤਿਆਰੀਆਂ ਨੂੰ ਦੇਖਿਆ ਜਾਵੇਗਾ। 
ਜੰਮੂ-ਕਸ਼ਮੀਰ ਦੇ ਤਿੰਨ ਜ਼ਿਲ੍ਹਿਆਂ ਦੇ 9 ਹਸਪਤਾਲਾਂ ਵਿਚ ਡ੍ਰਾਈ ਰਨ ਦਾ ਆਯੋਜਨ ਕੀਤਾ ਜਾਵੇਗਾ। ਇਸ ਦੌਰਾਨ ਕੋਰੋਨਾ ਟੀਕਾਕਰਨ ਨੂੰ ਲੈ ਕੇ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਤਿਆਰੀਆਂ ਨੂੰ ਵੀ ਜਾਂਚਿਆਂ ਜਾਵੇਗਾ। 

ਡ੍ਰਾਈ ਰਨ ਤਹਿਤ ਕੋਰੋਨਾ ਟੀਕੇ ਦੀ ਕੋਲਡ ਸਟੋਰੇਜ, ਉਸ ਨੂੰ ਲਿਆਉਣ, ਟੀਕਾ ਲੱਗਣ ਵਾਲੇ ਸਥਾਨ 'ਤੇ ਭੀੜ ਦਾ ਪ੍ਰਬੰਧ, ਇਕ-ਦੂਜੇ ਵਿਚਕਾਰ ਦੂਰੀ ਬਣਾਈ ਰੱਖਣ ਨੂੰ ਵੀ ਪਰਖਿਆ ਜਾਵੇਗਾ। 
ਇਹ ਵੀ ਪੜ੍ਹੋ- ਭਾਰਤ-ਯੂ. ਕੇ. ਵਿਚਕਾਰ ਉਡਾਣਾਂ ਇਸ ਤਾਰੀਖ਼ ਤੋਂ ਸ਼ੁਰੂ ਕਰਨ ਦੀ ਹਰੀ ਝੰਡੀ

ਡ੍ਰਾਈ ਰਨ ਦੀ ਜ਼ਰੂਰਤ ਕਿਉਂ?
ਹਰੇਕ ਦੇ ਦਿਮਾਗ ਵਿਚ ਇਹ ਪ੍ਰਸ਼ਨ ਉੱਠਦਾ ਹੈ ਕਿ ਕੋਰੋਨਾ ਟੀਕਾਕਰਨ ਤੋਂ ਪਹਿਲਾਂ ਡ੍ਰਾਈ ਰਨ ਦੀ ਜ਼ਰੂਰਤ ਕਿਉਂ ਹੈ, ਅਸਲ ਵਿਚ ਇਹ ਟੀਕਾਰਕਨ ਦੌਰਾਨ ਹੋਣ ਵਾਲੀਆਂ ਪ੍ਰੇਸ਼ਾਨੀਆਂ ਦਾ ਪਤਾ ਕਰਨ ਲਈ ਰੱਖੀ ਗਈ ਹੈ। ਇਸ ਤਰ੍ਹਾਂ ਟੀਕਾਕਰਨ ਤੋਂ ਪਹਿਲਾਂ ਹੀ ਸਮੱਸਿਆਵਾਂ ਨੂੰ ਸੁਲਝਾ ਕੇ ਮੁਹਿੰਮ ਨੂੰ ਕਾਮਯਾਬ ਕਰਨ ਲਈ ਕਦਮ ਚੁੱਕੇ ਜਾਣਗੇ। ਟੀਕਾਕਰਨ ਦੌਰਾਨ ਕੋਰੋਨਾ ਟੀਕੇ ਇਕੱਠੇ ਕਰਨ, ਜਾਂਚ, ਇਸ ਦੀ ਵਰਤੋਂ, ਰੱਖਣ ਦਾ ਤਰੀਕਾ ਅਤੇ ਰਿਪੋਰਟਿੰਗ ਵਿਚਕਾਰ ਤਾਲਮੇਲ ਸਭ ਕੁਝ ਦੇਖਣ ਲਈ ਹੀ ਡ੍ਰਾਈ ਰਨ ਕੀਤਾ ਜਾ ਰਿਹਾ ਹੈ।

♦ਡ੍ਰਾਈ ਰਨ ਨੂੰ ਲੈ ਕੇ ਤੁਹਾਡਾ ਕੀ ਹੈ ਵਿਚਾਰ? ਕੁਮੈਂਟ ਬਾਕਸ ਵਿਚ ਦੱਸੋ 


Lalita Mam

Content Editor

Related News