ਕੋਰੋਨਾ ਮੁਕਤ ਸਿੱਕਮ 'ਚ 15 ਜੂਨ ਤੋਂ ਖੁੱਲ੍ਹਣਗੇ ਸਕੂਲ-ਕਾਲਜ

05/23/2020 10:58:32 AM

ਗੰਗਟੋਕ— ਕੋਰੋਨਾ ਦੀ ਆਫਤ ਦਰਮਿਆਨ ਸਿੱਕਮ ਸਰਕਾਰ ਨੇ 15 ਜੂਨ ਤੋਂ ਸਕੂਲ ਅਤੇ ਕਾਲਜ ਖੋਲ੍ਹਣ ਦਾ ਫੈਸਲਾ ਲਿਆ ਹੈ। ਦਰਅਸਲ ਸਿੱਕਮ ਕੋਰੋਨਾ ਵਾਇਰਸ ਤੋਂ ਮੁਕਤ ਹੋ ਚੁੱਕਾ ਹੈ, ਇਸ ਲਈ ਸਰਕਾਰ ਨੇ ਸਕੂਲ ਅਤੇ ਕਾਲਜ ਖੋਲ੍ਹਣ ਦਾ ਫੈਸਲਾ ਲਿਆ ਹੈ। ਕੋਰੋਨਾ ਮੁਕਤ ਸਿੱਕਮ ਸਕੂਲ ਖੋਲ੍ਹਣ ਵਾਲਾ ਦੇਸ਼ ਦਾ ਪਹਿਲਾ ਸੂਬਾ ਹੋਵੇਗਾ। ਸੂਬੇ ਦੇ ਸਿੱਖਿਆ ਮੰਤਰੀ ਕੁੰਗਾ ਨੀਮਾ ਲੇਪਚਾ ਨੇ ਦੱਸਿਆ ਕਿ ਇਹ ਫੈਸਲਾ ਵੱਡੀਆਂ ਜਮਾਤਾਂ ਅਤੇ ਬੋਰਡ ਪ੍ਰੀਖਿਆਵਾਂ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਗਿਆ ਹੈ। ਫਿਲਹਾਲ ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਦੇ ਸਾਰੇ ਸੂਬਿਆਂ 'ਚ ਅਜੇ ਸਕੂਲ ਅਤੇ ਕਾਲਜ ਬੰਦ ਹਨ। 

ਸਿੱਕਮ ਦੇ ਸਿੱਖਿਆ ਮੰਤਰੀ ਕੁੰਗਾ ਨੀਮਾ ਲੇਪਚਾ ਨੇ ਦੱਸਿਆ ਕਿ ਅਸੀਂ ਸਾਰੇ ਸਕੂਲ ਅਤੇ ਕਾਲਜ 15 ਜੂਨ ਤੋਂ ਮੁੜ ਖੋਲ੍ਹ ਰਹੇ ਹਾਂ। ਅਸੀਂ 9ਵੀਂ ਤੋਂ 12ਵੀਂ ਜਮਾਤ ਨਾਲ ਸਕੂਲ ਸ਼ੁਰੂ ਕਰਾਂਗੇ, ਜਦਕਿ ਨਰਸਰੀ ਤੋਂ 8ਵੀਂ ਦੀਆਂ ਜਮਾਤਾਂ ਅਜੇ ਰੱਦ ਰਹਿਣਗੀਆਂ, ਜੋ ਕਿ ਅਗਲੇ ਹੁਕਮ ਤੱਕ ਰੱਦ ਰਹਿਣਗੀਆਂ। ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ) ਨੂੰ ਦੇਖਦੇ ਹੋਏ ਸਕੂਲਾਂ 'ਚ ਸਵੇਰ ਦੀ ਪ੍ਰਾਰਥਨਾ ਦੀ ਇਜਾਜ਼ਤ ਨਹੀਂ ਹੋਵੇਗੀ। 

ਬਾਕੀ ਜਮਾਤਾਂ ਲਈ ਸਿੱਕਮ 'ਚ ਆਨਲਾਈਨ ਸਿੱਖਿਆ ਵਿਵਸਥਾ ਵੀ ਜਾਰੀ ਰਹੇਗੀ। ਸਿੱਖਿਆ ਮੰਤਰੀ ਨੇ ਦੱਸਿਆ ਕਿ ਸਾਲਾਨਾ ਪ੍ਰੀਖਿਆਵਾਂ ਫਰਵਰੀ 2021 ਤੱਕ ਲਈ ਟਾਲ ਦਿੱਤੀਆਂ ਗਈਆਂ ਹਨ, ਜਿਸ ਨਾਲ ਅਧਿਐਨ 'ਤੇ ਜ਼ਿਆਦਾ ਧਿਆਨ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸ਼ਨੀਵਾਰ ਨੂੰ ਵੀ ਸਕੂਲ ਖੋਲ੍ਹੇ ਜਾਣਗੇ। ਕਾਲਜ ਅਤੇ ਯੂਨੀਵਰਸਿਟੀਆਂ ਦੋ ਸ਼ਿਫਟਾਂ ਵਿਚ ਚਲਣਗੀਆਂ। ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਅਤੇ ਹੋਰ ਸੁਰੱਖਿਆ ਮਾਪਦੰਡਾਂ ਦਾ ਪਾਲਣ ਕਰਨਾ ਬੇਹੱਦ ਜ਼ਰੂਰੀ ਹੋਵੇਗਾ। 

Tanu

This news is Content Editor Tanu