ਦੇਸ਼ 'ਚ 'ਕੋਰੋਨਾ' ਦੇ ਰਿਕਾਰਡ ਤੋੜ ਨਵੇਂ ਮਾਮਲੇ, ਗਿਣਤੀ ਪੁੱਜੀ 4 ਲੱਖ ਦੇ ਪਾਰ

06/21/2020 11:27:00 AM

ਨਵੀਂ ਦਿੱਲੀ (ਭਾਸ਼ਾ)— ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਐਤਵਾਰ ਯਾਨੀ ਕਿ ਅੱਜ ਵਾਇਰਸ ਦੇ ਸਭ ਤੋਂ ਵੱਧ 15,413 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਪੀੜਤਾਂ ਦੀ ਗਿਣਤੀ ਵੱਧ ਕੇ 4,10,461 ਹੋ ਗਈ ਹੈ, ਜਿਨ੍ਹਾਂ 'ਚੋਂ 306 ਹੋਰ ਲੋਕਾਂ ਦੀ ਮੌਤ ਹੋ ਜਾਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 13,254 ਹੋ ਗਈ ਹੈ। ਭਾਰਤ ਵਿਚ ਪਿਛਲੇ 4 ਦਿਨਾਂ ਤੋਂ ਹਰ ਦਿਨ ਸਾਹਮਣੇ ਆਉਣ ਵਾਲੇ ਨਵੇਂ ਮਾਮਲਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਐਤਵਾਰ ਦੀ ਸਵੇਰ ਨੂੰ 8 ਵਜੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿਚ ਪੀੜਤ 2,27,755 ਮਰੀਜ਼ ਹੁਣ ਤੱਕ ਸਿਹਤਮੰਦ ਹੋ ਚੁੱਕੇ ਹਨ, ਜਦਕਿ 1,69,451 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਕ ਮਰੀਜ਼ ਵਿਦੇਸ਼ ਚੱਲਾ ਗਿਆ ਹੈ। 

ਇਕ ਅਧਿਕਾਰੀ ਨੇ ਦੱਸਿਆ ਕਿ ਕਰੀਬ 55.48 ਫੀਸਦੀ ਮਰੀਜ਼ ਹੁਣ ਤੱਕ ਸਿਹਤਮੰਦ ਹੋ ਚੁੱਕੇ ਹਨ। ਵਾਇਰਸ ਦੇ ਕੁੱਲ ਮਾਮਲਿਆਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਭਾਰਤ 'ਚ 10 ਦਿਨ ਤੋਂ ਲਗਾਤਾਰ ਵਾਇਰਸ ਦੇ ਰੋਜ਼ਾਨਾ 10 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆ ਰਹੇ ਹਨ। ਦੇਸ਼ 'ਚ ਇਕ ਜੂਨ ਤੋਂ 21 ਜੂਨ ਤੱਕ ਵਾਇਰਸ ਦੇ 2,19,926 ਮਾਮਲੇ ਵਧੇ ਹਨ। ਵਾਇਰਸ ਦੇ ਮਾਮਲਿਆਂ ਵਿਚ ਜਿਨ੍ਹਾਂ 5 ਸੂਬਿਆਂ ਵਿਚ ਸਭ ਤੋਂ ਤੇਜ਼ੀ ਨਾਲ ਵਾਧਾ ਹੋਇਆ ਹੈ, ਉਨ੍ਹਾਂ 'ਚ ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ, ਗੁਜਰਾਤ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹਨ।

Tanu

This news is Content Editor Tanu