ਕੋਰੋਨਾ ਦਾ ਡਰ : ਠੀਕ ਹੋਣ ਦੇ ਬਾਵਜੂਦ ਆਪਣਿਆਂ ਨੂੰ ਘਰ ਨਹੀਂ ਲਿਜਾ ਰਹੇ ਪਰਿਵਾਰ ਵਾਲੇ

06/29/2020 2:49:27 PM

ਹੈਦਰਾਬਾਦ- ਕੋਵਿਡ-19 ਤੋਂ ਠੀਕ ਹੋ ਚੁਕੇ 50 ਲੋਕਾਂ ਨੂੰ ਇਨਫੈਕਸ਼ਨ ਦੇ ਡਰ ਕਾਰਨ ਉਨ੍ਹਾਂ ਦੇ ਪਰਿਵਾਰ ਵਾਲੇ ਵਾਪਸ ਘਰ ਲਿਜਾਉਣ ਲਈ ਤਿਆਰ ਨਹੀਂ ਹਨ, ਜਿਸ ਕਾਰਨ ਠੀਕ ਹੋ ਚੁਕੇ ਲੋਕਾਂ ਨੂੰ ਸਰਕਾਰੀ ਕੇਂਦਰਾਂ 'ਚ ਰੱਖਿਆ ਜਾ ਰਿਹਾ ਹੈ। ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇੱਥੇ ਸਥਿਤ ਗਾਂਧੀ ਹਸਪਤਾਲ 'ਚ ਕੋਵਿਡ-19 ਨੋਡਲ ਅਧਿਕਾਰੀ ਡਾ. ਪ੍ਰਭਾਕਰ ਰਾਵ ਅਨੁਸਾਰ ਅਜਿਹੇ ਲਗਭਗ 50 ਲੋਕਾਂ ਨੂੰ ਨੇਚਰ ਕਿਓਰ ਹਸਪਤਾਲ 'ਚ ਰੱਖਿਆ ਗਿਆ ਹੈ, ਜਿਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਘਰ ਵਾਪਸ ਲਿਜਾਉਣ ਲਈ ਨਹੀਂ ਆਏ। ਰਾਵ ਨੇ ਕਿਹਾ,''ਸਾਡੇ ਕੋਲ ਅਜਿਹੇ 60 ਮਾਮਲੇ ਆਏ, ਜਿਸ 'ਚ ਠੀਕ ਹੋ ਚੁਕੇ ਲੋਕਾਂ ਨੂੰ ਘਰ ਲਿਜਾਉਣ ਲਈ ਉਨ੍ਹਾਂ ਦੇ ਪਰਿਵਾਰ ਵਾਲੇ ਨਹੀਂ ਆਏ। ਉਨ੍ਹਾਂ ਨੂੰ ਡਰ ਹੈ ਕਿ ਕਿਤੇ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਬੱਚਿਆਂ ਨੂੰ ਇਨਫੈਕਸ਼ਨ ਨਾ ਹੋ ਜਾਵੇ। ਅਸੀਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਲੇ ਤੱਕ ਜਨਾਨੀਆਂ ਅਤੇ ਪੁਰਸ਼ਾਂ ਸਮੇਤ ਅਜਿਹੇ 50 ਲੋਕਾਂ ਨੂੰ ਨੇਚਰ ਕਿਓਰ ਹਸਪਤਾਲ 'ਚ ਰੱਖਿਆ ਗਿਆ ਹੈ।'' 

ਠੀਕ ਹੋ ਚੁਕੇ ਲੋਕਾਂ 'ਚੋਂ ਕੁਝ ਬਜ਼ੁਰਗ ਹਨ, ਜਿਨ੍ਹਾਂ 'ਚੋਂ 93 ਸਾਲਾ ਇਕ ਜਨਾਨੀ ਸ਼ਾਮਲ ਹੈ। ਬਜ਼ੁਰਗਾਂ ਨੂੰ ਗਾਂਧੀ ਹਸਪਤਾਲ 'ਚ ਰੱਖਿਆ ਗਿਆ ਹੈ ਅਤੇ ਬਾਕੀ ਲੋਕਾਂ ਨੂੰ ਹੋਰ ਸਥਾਨਾਂ 'ਤੇ। ਰਾਵ ਨੇ ਕਿਹਾ,''ਅਸੀਂ ਪੁਲਸ ਦੇ ਬਲ 'ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬੁਲਾ ਕੇ ਇਹ ਨਹੀਂ ਕਹਿ ਸਕਦੇ ਹਾਂ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਲੈ ਜਾਣ। ਅਸੀਂ ਉਨ੍ਹਾਂ ਨੂੰ ਸਮਝਾ ਰਹੇ ਹਾਂ ਕਿ ਠੀਕ ਹੋ ਚੁਕੇ ਲੋਕਾਂ ਤੋਂ ਉਨ੍ਹਾਂ ਨੂੰ ਕੋਈ ਖਤਰਾ ਨਹੀਂ ਹੈ। ਸਾਡੇ ਸਮਝਾਉਣ ਤੋਂ ਬਾਅਦ 3-4 ਲੋਕ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਗਏ।'' ਸਰਕਾਰ ਵਲੋਂ ਸੰਚਾਲਤ ਗਾਂਧੀ ਹਸਪਤਾਲ 'ਚ ਹਾਲੇ ਕੋਵਿਡ-19 ਦੇ 723 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ 'ਚੋਂ 350 ਤੋਂ ਵੱਧ ਮਰੀਜ਼ ਆਕਸੀਜਨ ਸਪਲਾਈ 'ਤੇ ਰੱਖੇ ਗਏ ਹਨ।

DIsha

This news is Content Editor DIsha