ਭਾਰਤ 'ਚ 'ਕੋਰੋਨਾ' ਦੀ ਮਾਰ ਜਾਰੀ, ਪੀੜਤਾਂ ਦੀ ਗਿਣਤੀ 1900 ਤੋਂ ਪਾਰ

04/02/2020 11:12:49 AM

ਨਵੀਂ ਦਿੱਲੀ— ਦੁਨੀਆ ਭਰ 'ਚ ਕੋਰੋਨਾ ਵਾਇਰਸ ਦੀ ਮਾਰ ਜਾਰੀ ਹੈ। ਭਾਰਤ 'ਚ ਵੀ ਇਹ ਮਹਾਮਾਰੀ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ। ਭਾਰਤ 'ਚ ਇਸ ਵਾਇਰਸ ਦੇ ਹੁਣ ਤਕ ਕੇਸ 1965 ਤਕ ਪਹੁੰਚ ਗਏ ਹਨ ਅਤੇ 50 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਦੀ ਬੁੱਧਵਾਰ ਨੂੰ ਜਾਰੀ ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਦੇ 29 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਫੈਲ ਚੁੱਕਾ ਹੈ ਅਤੇ ਹੁਣ ਤਕ ਇਸ ਦੇ 1965 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ 'ਚ 49 ਵਿਦੇਸ਼ੀ ਮਰੀਜ਼ ਵੀ ਸ਼ਾਮਲ ਹਨ। ਇਸ ਭਿਆਨਕ ਮਹਾਮਾਰੀ ਤੋਂ 151 ਦੇ ਕਰੀਬ ਲੋਕ ਠੀਕ ਵੀ ਹੋ ਗਏ ਹਨ। ਦੱਸ ਦੇਈਏ ਕਿ ਭਾਰਤ 'ਚ ਪਿਛਲੇ 3-4 ਦਿਨਾਂ ਤੋਂ ਵਾਇਰਸ ਤੋਂ ਪੀੜਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਵਾਇਰਸ ਤੋਂ ਬਚਾਅ ਲਈ ਪੂਰਾ ਦੇਸ਼ ਇਸ ਸਮੇਂ ਲਾਕ ਡਾਊਨ ਹੈ, ਜੋ ਕਿ 14 ਅਪ੍ਰੈਲ ਤਕ ਰਹੇਗਾ। ਸਰਕਾਰ ਵਲੋਂ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਸਰਕਾਰ ਲੋਕਾਂ ਨੂੰ ਇਸ ਵਾਇਰਸ ਪ੍ਰਤੀ ਜਾਗਰੂਕ ਕਰ ਰਹੀ ਹੈ। ਇਸ ਮਹਾਮਾਰੀ ਨਾਲ ਨਜਿੱਠਣ ਲਈ ਸਰਕਾਰ ਹਰ ਤਿਆਰੀ ਕਰ ਰਹੀ ਹੈ। ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਰੇਲ ਮੰਤਰਾਲਾ ਨੇ ਸ਼ੱਕੀ ਮਰੀਜ਼ਾਂ ਨੂੰ ਵੱਖ-ਵੱਖ ਰੱਖਣ ਲਈ ਟਰੇਨਾਂ ਦੇ ਡਿੱਬਿਆਂ ਨੂੰ ਵਿਸ਼ੇਸ਼ ਰੂਪ ਨਾਲ ਤਿਆਰ ਕੀਤਾ ਹੈ। ਇਸ ਲਈ ਰੇਲ ਮੰਤਰਾਲਾ ਵਲੋਂ ਕਰੀਬ 5,000 ਰੇਲ ਡਿੱਬਿਆਂ ਨੂੰ ਆਈਸੋਲੇਸ਼ਨ 'ਚ ਤਬਦੀਲ ਕਰ ਦਿੱਤਾ ਹੈ। ਸਰਕਾਰ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਰੂਰੀ ਬੇਨਤੀ ਹੈ ਕਿ ਘਰਾਂ 'ਚ ਹੀ ਰਹੋ। ਇਸ ਵਾਇਰਸ ਨੂੰ ਰੋਕਣ ਦਾ ਇਕੋ-ਇਕ ਬਚਾਅ ਹੈ, ਲਾਕ ਡਾਊਨ। ਇਸ ਲਈ ਦੇਸ਼ ਦੀ ਜਨਤਾ ਦੀ ਸੁਰੱਖਿਆ ਲਈ ਪੁਲਸ ਪੂਰੀ ਮੂਸਤੈਦੀ ਨਾਲ ਕੰਮ ਕਰ ਰਹੀ ਹੈ

ਇਨ੍ਹਾਂ ਸੂਬਿਆਂ 'ਚ ਸਭ ਤੋਂ ਵੱਧ ਮਾਮਲੇ—
ਕੋਰੋਨਾ ਵਾਇਰਸ ਦੇ ਮਰੀਜ਼ ਮਹਾਰਾਸ਼ਟਰ, ਕੇਰਲ, ਕਰਨਾਟਕ, ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਦਿੱਲੀ 'ਚ ਸਭ ਤੋਂ ਵੱਧ ਹਨ। ਦਿੱਲੀ 'ਚ ਪੀੜਤਾਂ ਦੀ ਗਿਣਤੀ ਵੱਧ ਕੇ 151 ਹੋ ਗਈ ਹੈ। ਕੋਰੋਨਾ ਵਾਇਰਸ ਨਾਲ ਮਹਾਰਾਸ਼ਟਰ 'ਚ 13, ਗੁਜਰਾਤ ਅਤੇ ਮੱਧ ਪ੍ਰਦੇਸ਼ 'ਚ 6-6, ਪੰਜਾਬ 'ਚ 5, ਕਰਨਾਟਕ, ਤੇਲੰਗਾਨਾ ਅਤੇ ਪੱਛਮੀ ਬੰਗਾਲ 'ਚ 3-3, ਦਿੱਲੀ, ਕੇਰਲ, ਜੰਮੂ-ਕਸ਼ਮੀਰ ਅਤੇ ਉੱਤਰ ਪ੍ਰਦੇਸ਼ 'ਚ 2-2, ਬਿਹਾਰ, ਹਿਮਾਚਲ ਪ੍ਰਦੇਸ਼, ਹਰਿਆਣਾ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ 'ਚ 1-1 ਵਿਅਕਤੀ ਦੀ ਮੌਤ ਹੋਈ ਹੈ।

Tanu

This news is Content Editor Tanu