ਕੋਰੋਨਾ ਆਫ਼ਤ: US 'ਚ ਫਸੇ ਸਨ 'ਇਨਫੋਸਿਸ' ਦੇ 200 ਤੋਂ ਵਧੇਰੇ ਕਾਮੇ, ਕੰਪਨੀ ਨੇ ਕਰਵਾਈ ਵਤਨ ਵਾਪਸੀ

07/07/2020 1:36:26 PM

ਨਵੀਂ ਦਿੱਲੀ— ਸੂਚਨਾ ਤਕਨਾਲੋਜੀ ਖੇਤਰ ਦੀ ਪ੍ਰਮੁੱਖ ਕੰਪਨੀ ਇਨਫੋਸਿਸ ਨੇ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਅਤੇ ਤਾਲਾਬੰਦੀ ਕਾਰਨ ਅਮਰੀਕਾ 'ਚ ਫਸੇ ਆਪਣੇ 200 ਤੋਂ ਵਧੇਰੇ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਵਤਨ ਵਾਪਸੀ ਕਰਵਾਈ। ਕੰਪਨੀ ਨੇ ਚਾਰਟਰਡ ਜਹਾਜ਼ਾਂ ਰਾਹੀਂ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਾਰਤ ਵਾਪਸ ਲਿਆਉਣ ਦੀ ਵਿਵਸਥਾ ਕੀਤੀ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਬਾਬਤ ਜਾਣਕਾਰੀ ਦਿੱਤੀ। ਕੰਪਨੀ ਇਨ੍ਹਾਂ ਲੋਕਾਂ ਨੂੰ ਅਮਰੀਕਾ ਦੇ ਸਾਨ ਫਰਾਂਸਿਸਕੋ ਤੋਂ ਲੈ ਕੇ ਆਈ। ਸੋਮਵਾਰ ਸਵੇਰੇ ਫਲਾਈਟ ਬੈਂਗਲੁਰੂ 'ਚ ਪਹੁੰਚ ਗਈ। 

ਓਧਰ ਇਨਫੋਸਿਸ ਦੇ ਸਹਾਇਕ ਉੱਪ ਪ੍ਰਧਾਨ- ਪ੍ਰਚੂਨ ਕਾਰੋਬਾਰ, ਸੀ. ਪੀ. ਜੀ. ਅਤੇ ਲੌਜਿਸਟਿਕਸ ਸਮੀਰ ਗੋਸਵੀ ਨੇ ਲਿੰਕਡਿਨ ਪੋਸਟ ਵਿਚ ਕਿਹਾ ਕਿ ਇਨਫੋਸਿਸ ਦੀ ਵਿਸ਼ੇਸ਼ ਉਡਾਣ ਨੇ ਸਾਨ ਫਰਾਂਸਿਸਕੋ ਤੋਂ ਕੰਪਨੀ ਦੇ ਸੈਂਕੜੇ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੈ ਕੇ ਬੈਂਗਲੁਰੂ ਲਿਆਉਣ ਲਈ ਰਾਹਤ ਉਡਾਣ ਭਰੀ। ਹਾਲਾਂਕਿ ਇਨਫੋਸਿਸ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਸੂਤਰਾਂ ਨੇ ਦੱਸਿਆ ਕਿ ਇਨਫੋਸਿਸ ਦੇ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ 206 ਲੋਕਾਂ ਨੂੰ ਵਾਪਸ ਲਿਆਂਦਾ ਗਿਆ ਹੈ। 

ਇਕ ਵਿਅਕਤੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਫੈਲਣ ਅਤੇ ਫਿਰ ਤਾਲਾਬੰਦੀ ਲਾਗੂ ਹੋਣ 'ਤੇ ਕੌਮਾਂਤਰੀ ਉਡਾਣਾਂ ਮੁਲਤਵੀ ਹੋਣ ਕਾਰਨ ਇਹ ਲੋਕ ਅਮਰੀਕਾ 'ਚ ਫਸ ਗਏ ਸਨ। ਵਾਪਸ ਲਿਆਂਦੇ ਗਏ ਲੋਕਾਂ 'ਚ ਕੁਝ ਕੰਪਨੀ ਦੇ ਗਾਹਕਾਂ ਦੇ ਦਫ਼ਤਰ ਵਿਚ ਕੰਮ ਕਰਨ ਵਾਲੇ ਕਾਮੇ ਅਤੇ ਕੁਝ ਹੋਰ ਉੱਥੇ ਬੈਠਕਾਂ ਤੇ ਪ੍ਰੋਗਰਾਮਾਂ ਲਈ ਗਏ ਸਨ। ਦੱਸ ਦੇਈਏ ਕਿ ਅਮਰੀਕਾ ਭਾਰਤੀ ਸੂਚਨਾ ਤਕਨਾਲੋਜੀ ਉਦਯੋਗ ਲਈ ਸਭ ਤੋਂ ਵੱਡਾ ਕਾਰਜ ਖੇਤਰ ਹੈ। ਇਨਫੋਸਿਸ ਦੀ ਚੋਥੀ ਤਿਮਾਹੀ ਦੇ ਕਾਰੋਬਾਰ ਵਿਚ ਉੱਤਰੀ ਅਮਰੀਕਾ ਦੇ ਕਾਰੋਬਾਰ ਦਾ 60 ਫੀਸਦੀ ਤੋਂ ਵੱਧ ਹਿੱਸਾ ਰਿਹਾ ਹੈ।

Tanu

This news is Content Editor Tanu