ਦੇਸ਼ ''ਚ ਕੋਰੋਨਾ ਦਾ ਵੱਡਾ ਉਛਾਲ, ਇਕ ਦਿਨ ''ਚ ਕਰੀਬ 7 ਹਜ਼ਾਰ ਮਾਮਲੇ ਆਏ ਸਾਹਮਣੇ

05/25/2020 10:20:45 AM

ਨਵੀਂ ਦਿੱਲੀ (ਵਾਰਤਾ)— ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ ਅਤੇ ਪਿਛਲੇ 24 ਘੰਟਿਆਂ ਵਿਚ ਕਰੀਬ 7 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਹੁਣ ਤੱਕ ਦੇ ਰੋਜ਼ਾਨਾ ਮਾਮਲਿਆਂ ਦੀ ਰਿਕਾਰਡ ਗਿਣਤੀ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਵੀ ਹੈ ਕਿ ਇਸ ਦੌਰਾਨ 3280 ਲੋਕ ਠੀਕ ਹੋਏ ਹਨ, ਜਿਸ ਨਾਲ ਇਸ ਬੀਮਾਰੀ ਤੋਂ ਨਿਜਾਤ ਪਾਉਣ ਵਾਲਿਆਂ ਦੀ ਗਿਣਤੀ 57,721 ਹੋ ਗਈ ਹੈ। 



ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵਲੋਂ ਸੋਮਵਾਰ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ ਦੇ ਸਭ ਤੋਂ ਵਧੇਰੇ 6977 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਪੀੜਤਾਂ ਦੀ ਗਿਣਤੀ 1,38,845 'ਤੇ ਪਹੁੰਚ ਗਈ ਹੈ। ਦੇਸ਼ ਵਿਚ ਕੁੱਲ ਸਰਗਰਮ ਮਾਮਲੇ 77,103 ਹਨ। ਦੇਸ਼ ਵਿਚ ਕੋਰੋਨਾ ਨਾਲ ਪਿਛਲੇ 24 ਘੰਟਿਆਂ ਵਿਚ 154 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 4021 ਹੋ ਗਈ ਹੈ। 

ਦੇਸ਼ 'ਚ ਕੋਰੋਨਾ ਵਾਇਰਸ ਨੇ ਮਹਾਰਾਸ਼ਟਰ ਸੂਬੇ ਵਿਚ ਕਹਿਰ ਵਰ੍ਹਾਇਆ ਹੈ, ਜਿੱਥੇ ਪੀੜਤਾਂ ਦੀ ਗਿਣਤੀ 50 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਮਹਾਰਾਸ਼ਟਰ ਵਿਚ ਪਿਛਲੇ 24 ਘੰਟਿਆਂ ਵਿਚ 3041 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਇੱਥੇ ਕੁੱਲ ਪੀੜਤਾਂ ਦੀ ਗਿਣਤੀ ਵੱਧ ਕੇ 50,231 ਹੋ ਗਈ ਹੈ ਅਤੇ ਕੁੱਲ 1635 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 14,660 ਲੋਕ ਇਸ ਵਾਇਰਸ ਤੋਂ ਠੀਕ ਵੀ ਹੋਏ ਹਨ।

Tanu

This news is Content Editor Tanu