ਕੋਰੋਨਾ ਆਫ਼ਤ: ਰੂਸ 'ਚ ਫਸੇ 143 ਭਾਰਤੀ ਨਾਗਰਿਕਾਂ ਦੀ ਹੋਈ ਦੇਸ਼ ਵਾਪਸੀ

07/02/2020 11:37:54 AM

ਇੰਦੌਰ (ਭਾਸ਼ਾ)— ਕੋਰੋਨਾ ਵਾਇਰਸ (ਕੋਵਿਡ-19) ਦੇ ਕਹਿਰ ਕਾਰਨ ਰੂਸ ਵਿਚ ਲੰਬੇ ਸਮੇਂ ਤੋਂ ਫਸੇ 143 ਭਾਰਤੀ ਨਾਗਰਿਕਾਂ ਨੂੰ ਲੈ ਕੇ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਵੀਰਵਾਰ ਤੜਕੇ ਇੰਦੌਰ ਦੇ ਦੇਵੀ ਅਹਿਲਆਬਾਈ ਹੋਲਕਰ ਕੌਮਾਂਤਰੀ ਹਵਾਈ ਅੱਡੇ ਉਤਰਿਆ। ਸਥਾਨਕ ਹਵਾਈ ਅੱਡੇ ਦੀ ਡਾਇਰੈਕਟਰ ਅਰਯਮਾ ਸਾਨਯਾਲ ਨੇ ਦੱਸਿਆ ਕਿ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਰੂਸ ਦੀ ਰਾਜਧਾਨੀ ਮਾਸਕੋ ਦੇ ਦੋਮੋਦੇਦੋਵੋ ਕੌਮਾਂਤਰੀ ਹਵਾਈ ਅੱਡੇ ਤੋਂ ਉੱਡਾਣ ਭਰ ਕੇ ਦਿੱਲੀ ਹੁੰਦੇ ਹੋਏ ਭਾਰਤੀ ਸਮੇਂ ਅਨੁਸਾਰ ਵੀਰਵਾਰ ਤੜਕੇ 3:40 ਵਜੇ ਇੰਦੌਰ ਪਹੁੰਚਿਆ। ਉਨ੍ਹਾਂ ਨੇ ਦੱਸਿਆ ਕਿ ਰੂਸ ਵਿਚ ਫਸੇ 143 ਭਾਰਤੀ ਨਾਗਰਿਕਾਂ ਦੀ ਇਸ ਉਡਾਣ ਜ਼ਰੀਏ ਦੇਸ਼ ਵਾਪਸੀ ਹੋਈ ਹੈ।

ਸਥਾਨਕ ਹਵਾਈ ਅੱਡੇ 'ਤੇ ਇਨ੍ਹਾਂ ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਗਈ ਅਤੇ ਉਨ੍ਹਾਂ ਦੇ ਸਾਮਾਨ ਨੂੰ ਵਾਇਰਸ ਮੁਕਤ ਕੀਤਾ ਗਿਆ। ਇਸ ਦਰਮਿਆਨ ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਯਾਤਰੀਆਂ ਦੇ ਇਸ ਸਮੂਹ ਦੇ ਸਾਰੇ 143 ਲੋਕ ਮੱਧ ਪ੍ਰਦੇਸ਼ ਦੇ ਹਨ। ਇਨ੍ਹਾਂ ਵਿਚੋਂ ਮੱਧ ਪ੍ਰਦੇਸ਼ ਦੇ ਇੰਦੌਰ ਦੇ 24 ਲੋਕ ਹਨ, ਜਿਨ੍ਹਾਂ ਨੂੰ ਸ਼ਹਿਰ ਦੇ ਵੱਖ-ਵੱਖ ਕੁਆਰੰਟੀਨ ਸੈਂਟਰਾਂ ਵਿਚ 7 ਦਿਨਾਂ ਲਈ ਕੁਆਰੰਟਾਈਨ ਕੀਤਾ ਗਿਆ ਹੈ। ਹੋਰ ਥਾਵਾਂ ਦੇ ਯਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਲਈ ਰਵਾਨਾ ਕੀਤਾ ਗਿਆ ਹੈ। 

ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੁਨੀਆ ਭਰ ਦੇ ਤਮਾਮ ਦੇਸ਼ਾਂ 'ਚ ਫੈਲੀ ਹੋਈ ਹੈ। ਇਸ ਵਾਇਰਸ ਕਾਰਨ ਦੁਨੀਆ ਭਰ 'ਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਲਈ ਭਾਰਤ ਸਰਕਾਰ ਵਲੋਂ 'ਵੰਦੇ ਭਾਰਤ ਮਿਸ਼ਨ' ਅਤੇ 'ਆਪਰੇਸ਼ਨ ਸਮੁੰਦਰ ਸੇਤੂ' ਮੁਹਿੰਮਾਂ ਚਲਾਈਆਂ ਗਈਆਂ ਹਨ। ਵਿਸ਼ੇਸ਼ ਜਹਾਜ਼ਾਂ ਰਾਹੀਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਫਸੇ ਭਾਰਤੀ ਦੇਸ਼ ਵਾਪਸੀ ਕਰ ਰਹੇ ਹਨ। ਹੁਣ ਤੱਕ ਡੇਢ ਲੱਖ ਦੇ ਕਰੀਬ ਭਾਰਤੀਆਂ ਦੀ ਵਤਨ ਵਾਪਸੀ ਹੋਈ ਹੈ। 

ਇਹ ਵੀ ਪੜ੍ਹੋ: ਸਮੁੰਦਰੀ ਜਹਾਜ਼ 'ਜਲਸ਼ਵਾ' ਤੋਂ ਈਰਾਨ 'ਚ ਫਸੇ 687 ਭਾਰਤੀ ਨਾਗਰਿਕਾਂ ਦੀ ਵਤਨ ਵਾਪਸੀ

Tanu

This news is Content Editor Tanu