ਮੁੰਬਈ ਤੋਂ ਜੈਪੁਰ ਪੁੱਜੀ ਬਜ਼ੁਰਗ ਬੀਬੀ ਦੀ ਸਟੇਸ਼ਨ ''ਤੇ ਮੌਤ, 90 ਯਾਤਰੀ ਇਕਾਂਤਵਾਸ

06/06/2020 2:29:38 PM

ਜੈਪੁਰ (ਭਾਸ਼ਾ)— ਰੇਲਗੱਡੀ ਰਾਹੀਂ ਮੁੰਬਈ ਤੋਂ ਜੈਪੁਰ ਪੁੱਜੀ ਇਕ ਬਜ਼ੁਰਗ ਬੀਬੀ ਦੀ ਰੇਲਵੇ ਸਟੇਸ਼ਨ 'ਤੇ ਮੌਤ ਹੋ ਗਈ। ਉਸ ਦੇ ਜਾਂਚ ਨਮੂਨਿਆਂ 'ਚ ਕੋਰੋਨਾ ਪਾਜ਼ੇਟਿਵ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਉਸ ਨਾਲ ਰੇਲਗੱਡੀ ਦੇ ਡੱਬੇ ਵਿਚ ਯਾਤਰਾ ਕਰਨ ਵਾਲੇ ਲੱਗਭਗ 90 ਯਾਤਰੀਆਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਰੇਲ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ 65 ਸਾਲਾ ਬੀਬੀ ਮੁੰਬਈ-ਜੈਪੁਰ ਸੁਪਰਫਾਸਟ ਐਕਸਪ੍ਰੈੱਸ ਤੋਂ ਇੱਥੇ ਪੁੱਜੀ ਸੀ। ਉਹ ਸਟੇਸ਼ਨ 'ਤੇ ਉਤਰਦੇ ਹੀ ਬੇਹੋਸ਼ ਹੋ ਗਈ। ਚੈਕਅੱਪ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਲਾਸ਼ ਨੂੰ ਹਸਪਤਾਲ ਭੇਜਿਆ ਗਿਆ, ਜਿੱਥੇ ਜਾਂਚ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ। 

ਅਧਿਕਾਰੀਆਂ ਨੇ ਦੱਸਿਆ ਕਿ ਬੀਬੀ ਨਾਲ ਰੇਲਗੱਡੀ ਦੇ ਡੱਬੇ ਵਿਚ 91 ਯਾਤਰੀ ਸਨ। ਬਾਅਦ 'ਚ ਸਾਰੇ ਯਾਤਰੀਆਂ ਨੂੰ ਤੁਰੰਤ ਇਕਾਂਤਵਾਸ 'ਚ ਭੇਜ ਦਿੱਤਾ ਗਿਆ। ਜੈਪੁਰ ਦੇ ਜ਼ਿਲਾ ਅਧਿਕਾਰੀ ਜੋਗਾਰਾਮ ਮੁਤਾਬਕ ਰੇਲ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਉਕਤ ਬੀਬੀ ਨਾਲ ਯਾਤਰਾ ਕਰਨ ਵਾਲੇ ਸਾਰੇ ਯਾਤਰੀਆਂ ਨੂੰ ਇਕਾਂਤਵਾਸ 'ਚ ਭੇਜਿਆ ਜਾਵੇ। ਉਨ੍ਹਾਂ ਨੇ ਦੱਸਿਆ ਕਿ ਬੀਬੀ ਕੋਲ ਕੋਈ ਫੋਨ ਜਾਂ ਪਹਿਚਾਣ ਪੱਤਰ ਨਹੀਂ ਮਿਲਿਆ ਹੈ, ਇਸ ਲਈ ਐਡੀਸ਼ਨਲ ਜ਼ਿਲਾ ਮੈਜਿਸਟ੍ਰੇਟ ਨੇ ਇਸ ਗੱਲ ਦੀ ਜਾਂਚ ਦੇ ਆਦੇਸ਼ ਦਿੱਤੇ ਹਨ ਕਿ ਮੁੰਬਈ ਰੇਲਵੇ ਸਟੇਸ਼ਨ 'ਤੇ ਉਸ ਦੀ ਜਾਂਚ ਹੋਈ ਸੀ ਜਾਂ ਨਹੀਂ। ਜ਼ਿਕਰਯੋਗ ਹੈ ਕਿ ਰਾਜਸਥਾਨ ਵਿਚ 44 ਨਵੇਂ ਕੋਰੋਨਾ ਕੇਸ ਸਾਹਮਣੇ ਆਉਣ ਨਾਲ ਸ਼ਨੀਵਾਰ ਨੂੰ ਪੀੜਤਾਂ ਦੀ ਕੁੱਲ ਗਿਣਤੀ 10,128 ਹੋ ਗਈ ਹੈ।


Tanu

Content Editor

Related News