ਦਿਨ-ਦਿਹਾੜੇ ਕਾਰੋਬਾਰੀ ਦਾ ਕਤਲ, ਘਰ ''ਚ ਦਾਖ਼ਲ ਹੋ ਕੇ ਪਤੀ-ਪਤਨੀ ''ਤੇ ਵਰ੍ਹਾਈਆਂ ਗੋਲੀਆਂ

08/10/2023 3:59:13 PM

ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ ਦੇ ਬ੍ਰਹਮਾਪੁਰੀ ਖੇਤਰ ਵਿਚ ਵੀਰਵਾਰ ਨੂੰ ਦਿਨ-ਦਿਹਾੜੇ ਹਥਿਆਰਬੰਦ ਬਦਮਾਸ਼ਾਂ ਨੇ ਘਰ 'ਚ ਦਾਖ਼ਲ ਹੋ ਕੇ ਪਤੀ-ਪਤਨੀ 'ਤੇ ਅੰਨ੍ਹੇਵਾਹ ਗੋਲੀਆਂ ਵਰ੍ਹਾ ਦਿੱਤੀਆਂ। ਇਸ ਘਟਨਾ ਵਿਚ ਪਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪਤਨੀ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਪੁਲਸ ਨੇ ਦੱਸਿਆ ਕਿ ਕਾਰੋਬਾਰੀ ਧਨ ਕੁਮਾਰ ਜੈਨ (70) ਆਪਣੇ ਦੋ ਪੁੱਤਾਂ ਨਾਲ ਬ੍ਰਹਮਾਪੁਰੀ ਖੇਤਰ ਵਿਚ ਰਹਿੰਦੇ ਸਨ। ਅੱਜ ਸਵੇਰੇ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਉਨ੍ਹਾਂ ਦੇ ਘਰ 'ਚ ਦਾਖ਼ਲ ਹੋ ਗਏ ਅਤੇ ਲੁੱਟ-ਖੋਹ ਦੀ ਕੋਸ਼ਿਸ਼ ਦਾ ਵਿਰੋਧ ਕਰਨ 'ਤੇ ਧਨ ਕੁਮਾਰ ਜੈਨ ਅਤੇ ਉਨ੍ਹਾਂ ਦੀ ਪਤਨੀ ਅੰਜੂ ਜੈਨ 'ਤੇ ਗੋਲੀਆਂ ਚਲਾ ਦਿੱਤੀਆਂ। ਬਦਮਾਸ਼ਾਂ ਨੇ ਘਰ  ਵਿਚ ਮੌਜੂਦ ਧਨ ਕੁਮਾਰ ਦੇ ਪੁੱਤ, ਨੂੰਹ ਅਤੇ ਪੋਤੀ ਨੂੰ ਇਕ  ਕਮਰੇ 'ਚ ਬੰਧਕ ਬਣਾ ਲਿਆ। 

ਲੁੱਟ-ਖੋਹ ਮਗਰੋਂ ਬਦਮਾਸ਼ ਫ਼ਰਾਰ ਹੋ ਗਏ। ਕਿਸੇ ਤਰ੍ਹਾਂ ਖ਼ੁਦ ਨੂੰ ਮੁਕਤ ਕਰਨ ਮਗਰੋਂ ਜਦੋਂ ਪੁੱਤ ਨੇ ਬਾਹਰ ਆ ਕੇ ਵੇਖਿਆ ਤਾਂ ਪਿਤਾ ਧਨ ਕੁਮਾਰ ਜੈਨ ਮ੍ਰਿਤਕ ਪਏ ਸਨ, ਜਦਕਿ ਮਾਂ ਲਹੂ-ਲੁਹਾਣ ਪਈ ਮਿਲੀ। ਦੋਹਾਂ ਨੂੰ ਤੁਰੰਤ ਹੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਧਨ ਕੁਮਾਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਤਨੀ ਅੰਜੂ ਜੈਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਓਧਰ ਸੀਨੀਅਰ ਪੁਲਸ ਅਧਿਕਾਰੀ ਰੋਹਤ ਸਿੰਘ ਸਜਵਾਣ ਨੇ ਦੱਸਿਆ ਕਿ ਬਦਮਾਸ਼ ਹੈਲਮੇਟ ਪਹਿਨੇ ਹੋਏ ਸਨ, ਜਿਸ ਤੋਂ ਉਨ੍ਹਾਂ ਨੂੰ ਪਛਾਣਿਆ ਨਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਬਦਮਾਸ਼ਾਂ ਨੂੰ ਫੜਨ ਲਈ ਪੁਲਸ ਟੀਮ ਗਠਿਤ ਕਰ ਦਿੱਤੀ ਗਈ ਹੈ ਅਤੇ ਛੇਤੀ ਹੀ ਉਨ੍ਹਾਂ ਨੂੰ ਫੜ ਲਿਆ ਜਾਵੇਗਾ।

Tanu

This news is Content Editor Tanu