ਸ਼ੇਰ ਦੀ ਗਣਨਾ 'ਤੇ ਰਿਪੋਰਟ ਜਾਰੀ, ਦੁਨੀਆ ਦੇ 70 ਫ਼ੀਸਦੀ ਸ਼ੇਰ ਭਾਰਤ 'ਚ

07/28/2020 5:12:13 PM

ਨਵੀਂ ਦਿੱਲੀ- ਦੇਸ਼ 'ਚ ਟਾਈਗਰਾਂ ਦੀ ਗਿਣਤੀ ਸਾਲਾਨਾ 6 ਫੀਸਦੀ ਦੀ ਔਸਤ ਦਰ ਨਾਲ ਵੱਧ ਰਹੀ ਹੈ ਅਤੇ 4 'ਚੋਂ 3 ਭੂਗੋਲਿਕ ਖੇਤਰਾਂ 'ਚ ਸਾਲ 2006 ਦੀ ਤੁਲਨਾ 'ਚ ਟਾਈਗਰਾਂ ਦੀ ਗਿਣਤੀ 2018 'ਚ ਦੁੱਗਣੇ ਤੋਂ ਵੱਧ ਹੋ ਗਈ ਹੈ। ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਮੰਗਲਵਾਰ ਨੂੰ ਇੱਥੇ ਇਕ ਪ੍ਰੋਗਰਾਮ 'ਚ ਸਾਲ 2018 ਦੀ ਟਾਈਗਰਾਂ ਦੀ ਗਿਣਤੀ 'ਤੇ ਪੂਰੀ ਰਿਪੋਰਟ ਜਾਰੀ ਕੀਤੀ। ਦਰਅਸਲ 29 ਜੁਲਾਈ ਨੂੰ ਇੰਟਰਨੈਸ਼ਨਲ ਟਾਈਗਰ ਡੇਅ ਹੈ ਅਤੇ ਉਸ ਤੋਂ ਇਕ ਦਿਨ ਪਹਿਲਾਂ ਇਹ ਰਿਪੋਰਟ ਜਾਰੀ ਕੀਤੀ ਗਈ ਹੈ। ਜਾਵਡੇਕਰ ਨੇ ਕਿਹਾ ਕਿ ਟਾਈਗਰਾਂ ਦੀ ਵੱਧਦੀ ਗਿਣਤੀ ਇਸ ਗੱਲ ਦਾ ਸੰਕੇਤ ਹੈ ਕਿ ਸਾਡੀ ਕੁਦਰਤ ਠੀਕ ਹੈ।

ਸਾਲ 2018 ਦੀ ਗਣਨਾ ਅਨੁਸਾਰ ਦੇਸ਼ 'ਚ 2,967 ਟਾਈਗਰ ਹਨ। ਦੁਨੀਆ ਦੇ 70 ਫੀਸਦੀ ਟਾਈਗਰ ਭਾਰਤ 'ਚ ਹੈ। ਇਨ੍ਹਾਂ ਤੋਂ ਇਲਾਵਾ 500 ਸ਼ੇਰ, 30 ਹਜ਼ਾਰ ਹਾਥੀ ਅਤੇ ਇਕ ਸਿੰਙ ਵਾਲੇ ਤਿੰਨ ਹਜ਼ਾਰ ਗੈਂਡੇ ਵੀ ਆਪਣੇ ਦੇਸ਼ 'ਚ ਹਨ, ਜੋ ਸਾਡੀ 'ਸਾਫਟ ਪਾਵਰ' ਦੇ ਪ੍ਰਤੀਕ ਹਨ। ਰਿਪੋਰਟ 'ਚ ਕਿਹਾ ਗਿਆ ਕਿ ਜੋ ਇਲਾਕੇ ਸਾਲ 2006 ਤੋਂ ਲਗਾਤਾਰ ਹਰ ਟਾਈਗਰ ਸਰਵੇਖਣ ਦਾ ਹਿੱਸਾ ਰਹੇ ਹਨ, ਉਨ੍ਹਾਂ 'ਚੋਂ ਟਾਈਗਰਾਂ ਦੀ ਗਿਣਤੀ ਸਾਲਾਨਾ 6 ਫੀਸਦੀ ਦੀ ਦਰ ਨਾਲ ਵਧੀ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਅਤੇ ਗੰਗਾ ਦੇ ਮੈਦਾਨੀ ਹਿੱਸਿਆਂ 'ਚ ਟਾਈਗਰਾਂ ਦੀ ਗਿਣਤੀ ਇਨ੍ਹਾਂ 12 ਸਾਲਾਂ 'ਚ 297 ਤੋਂ ਵੱਧ ਕੇ 646 ਹੋ ਗਈ ਹੈ। ਪੱਛਮੀ ਘਾਟ ਖੇਤਰ 'ਚ ਇਹ 402 ਤੋਂ ਵਧ ਕੇ 981 ਅਤੇ ਪੂਰਬ-ਉੱਤਰ ਦੇ ਪਹਾੜਾਂ ਅਤੇ ਬ੍ਰਹਮਾਪੁੱਤਰ ਨਦੀ ਦੇ ਮੈਦਾਨੀ ਇਲਾਕਿਆਂ 'ਚ 100 ਤੋਂ ਵੱਧ ਕੇ 219 ਹੋ ਗਈ ਹੈ।

ਇਸ ਤਰ੍ਹਾਂ ਇਨ੍ਹਾਂ ਤਿੰਨਾਂ ਖੇਤਰਾਂ 'ਚ ਟਾਈਗਰਾਂ ਦੀ ਗਿਣਤੀ ਦੁੱਗਣੇ ਨਾਲ ਵੱਧ ਹੋਈ ਹੈ। ਇਸ ਦੌਰਾਨ ਮੱਧ ਭਾਰਤ ਅਤੇ ਪੂਰਬੀ ਘਾਟ 'ਚ ਇਨ੍ਹਾਂ ਦੀ ਗਿਣਤੀ 601 ਤੋਂ ਵੱਧ ਕੇ 1,033 'ਤੇ ਪਹੁੰਚ ਗਈ ਹੈ। ਦੁਨੀਆ ਦੇ ਜਿਨ੍ਹਾਂ ਹੋਰ 13 ਦੇਸ਼ਾਂ 'ਚ ਟਾਈਗਰ ਪਾਏ ਜਾਂਦੇ ਹਨ, ਅਸੀਂ ਉਨ੍ਹਾਂ ਨੂੰ ਵੀ ਸਰਵੇਖਣ 'ਚ ਮਦਦ ਅਤੇ ਇਸ ਲਈ ਟਰੇਨਿੰਗ ਦੇਣ ਲਈ ਤਿਆਰ ਹਾਂ। ਜੰਗਲਾਤ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਬਾਬੁਲ ਸੁਪਰਿਓ ਨੇ ਕਿਹਾ ਕਿ ਸਾਲ 2018 'ਚ ਦੇਸ਼ 'ਚ ਟਾਈਗਰਾਂ ਦੀ ਗਿਣਤੀ 2,967 ਸੀ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਇਹ ਹੁਣ ਵੱਧ ਕੇ 3 ਹਜ਼ਾਰ ਦੇ ਪਾਰ ਪਹੁੰਚ ਗਈ ਹੋਵੇਗੀ।

DIsha

This news is Content Editor DIsha