5 ਮਹੀਨਿਆਂ ਬਾਅਦ ਖੁੱਲ੍ਹੇਗਾ ਮਾਤਾ ਵੈਸ਼ਨੋ ਦੇਵੀ ਦਾ ਦਰਬਾਰ, ਸ਼ਰਤਾਂ ਨਾਲ ਮਿਲੇਗੀ ਐਂਟਰੀ

08/06/2020 1:24:24 PM

ਜੰਮੂ-ਕਸ਼ਮੀਰ- ਦੇਸ਼ 'ਚ ਕੋਰੋਨਾ ਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਦੇ ਲੰਬੇ ਸਮੇਂ ਬਾਅਦ ਮਾਤਾ ਦੇ ਭਗਤਾਂ ਲਈ ਚੰਗੀ ਖ਼ਬਰ ਆਈ ਹੈ। ਹੁਣ ਭਗਤ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰ ਸਕਣਗੇ। ਪਿਛਲੇ 5 ਮਹੀਨਿਆਂ ਤੋਂ ਬੰਦ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਹੁਣ ਸ਼ੁਰੂ ਹੋਣ ਜਾ ਰਹੀ ਹੈ। 16 ਅਗਸਤ ਨੂੰ ਫਿਰ ਤੋਂ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਸ਼ੁਰੂ ਹੋ ਜਾਵੇਗੀ। ਨਾਲ ਹੀ ਪ੍ਰਦੇਸ਼ ਦੇ ਬਾਕੀ ਧਾਰਮਿਕ ਸਥਾਨਾਂ ਨੂੰ ਵੀ ਖੋਲ੍ਹ ਦਿੱਤਾ ਜਾਵੇਗਾ, ਜਿਸ 'ਚ ਬਾਬੇ ਮੰਦਰ, ਰਘੁਨਾਥ ਮੰਦਰ, ਸ਼ਿਵ ਖੋੜੀ ਸਮੇਤ ਬਾਕੀ ਦੇਵੀ-ਦੇਵਤਿਆਂ ਦੇ ਮੰਦਰ ਵੀ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਹੈ। 

ਧਾਰਮਿਕ ਸਥਾਨਾਂ ਨੂੰ ਫਿਰ ਤੋਂ ਖੋਲ੍ਹਣ ਦੀ ਜਾਣਕਾਰੀ ਸਰਕਾਰ ਦੇ ਬੁਲਾਰੇ ਰੋਹਿਤ ਕੰਸਲ ਵਲੋਂ ਦਿੱਤੀ ਗਈ ਹੈ। ਰੋਹਿਤ ਕੰਸਲ ਨੇ ਕਿਹਾ ਹੈ ਕਿ ਸਾਰੇ ਧਾਰਮਿਕ ਸਥਾਨਾਂ ਨੂੰ 16 ਅਗਸਤ ਨੂੰ ਖੋਲ੍ਹ ਦਿੱਤਾ ਜਾਵੇਗਾ। ਜਿਸ 'ਚ ਸਾਰਿਆਂ ਨੂੰ ਐੱਸ.ਓ.ਪੀ. ਦਾ ਪਾਲਣ ਕਰਨਾ ਹੋਵੇਗਾ। ਦੱਸਣਯੋਗ ਹੈ ਕਿ ਭਗਤਾਂ ਨੂੰ ਆਖਰੀ ਵਾਰ 17 ਮਾਰਚ ਨੂੰ ਮਾਤਾ ਦੇ ਭਵਨ ਭੇਜਿਆ ਗਿਆ ਸੀ, 17 ਮਾਰਚ ਨੂੰ ਕਰੀਬ 14 ਹਜ਼ਾਰ 816 ਭਗਤਾਂ ਨੂੰ ਮਾਤਾ ਦੇ ਭਵਨ ਲਈ ਰਵਾਨਾ ਕੀਤਾ ਗਿਆ ਸੀ, ਜਿਸ ਦੇ ਬਾਅਦ ਤੋਂ ਹੀ ਤਾਲਾਬੰਦੀ ਕਾਰਨ ਯਾਤਰਾ ਨੂੰ ਬੰਦ ਕਰ ਦਿੱਤਾ ਗਿਆ ਸੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਿਲਹਾਲ ਯਾਤਰਾ ਨੂੰ ਪ੍ਰਦੇਸ਼ ਦੇ ਲੋਕਾਂ ਲਈ ਹੀ ਖੋਲ੍ਹਿਆ ਗਿਆ ਹੈ, ਕਿਉਂਕਿ ਹਾਲੇ ਬਾਹਰੋਂ ਯਾਤਰੀਆਂ ਨੂੰ ਆਉਣ 'ਚ ਖਤਰਾ ਹੈ ਅਤੇ ਬਾਹਰੋਂ ਯਾਤਰੀਆਂ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਹੈ। ਉੱਥੇ ਹੀ ਬਾਹਰੋਂ ਆਉਣ ਵਾਲੇ ਯਾਤਰੀਆਂ ਲਈ ਕੋਰੋਨਾ ਵਾਇਰਸ ਟੈਸਟ ਹੋਣਾ ਜ਼ਰੂਰੀ ਹੈ। ਜਿਸ ਲਈ ਸ਼ਰਾਈਨ ਬੋਰਡ ਵਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਕਿੰਨੇ ਭਗਤਾਂ ਨੂੰ ਇੱਥੇ ਯਾਤਰਾ ਲਈ ਮਨਜ਼ੂਰੀ ਦਿੱਤੀ ਜਾਵੇਗੀ, ਇਸ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹਰ ਦਿਨ ਦੀ ਭਗਤਾਂ ਦੀ ਗਿਣਤੀ 'ਤੇ ਵੀ ਫੈਸਲਾ ਕੀਤਾ ਜਾਵੇਗਾ। ਜਿਸ ਦੀ ਜਾਣਕਾਰੀ ਬੋਰਡ 2-3 ਦਿਨ 'ਚ ਦੇਵੇਗਾ।

DIsha

This news is Content Editor DIsha