ਕੋਰੋਨਾ ਵਾਇਰਸ ''ਤੇ ਕੰਟਰੋਲ ਪਾਉਂਦੇ ਹੀ CAA ''ਤੇ ਵਧਾਵਾਂਗੇ ਕਦਮ : ਅਮਿਤ ਸ਼ਾਹ

12/21/2020 2:36:33 PM

ਪੱਛਮੀ ਬੰਗਾਲ- ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਇਕ ਕਰੋੜ ਦੇ ਪਾਰ ਪਹੁੰਚ ਗਏ ਹਨ। ਇਸ ਵਿਚ ਕੋਵਿਡ ਵੈਕਸੀਨ ਨੂੰ ਲੈ ਕੇ ਤਿਆਰੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੋਰੋਨਾ ਟੀਕਾ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) 'ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਲਾਗ਼ ਕਾਰਨ ਕਈ ਕੰਮ ਰੁਕੇ ਹੋਏ ਹਨ। ਸੀ.ਏ.ਏ. ਦੇ ਨਿਯਮ  ਬਣਨੇ ਹਾਲੇ ਬਾਕੀ ਹੈ। ਵੈਕਸੀਨ ਦੇਣ ਦਾ ਕੰਮ ਸ਼ੁਰੂ ਹੋਣ ਅਤੇ ਕੋਰੋਨਾ ਦੀ ਚੈਨ ਟੁੱਟਣ ਤੋਂ ਬਾਅਦ ਇਸ 'ਤੇ ਵਿਚਾਰ ਕੀਤਾ ਜਾਵੇਗਾ।

ਬੰਗਾਲ ਦੌਰੇ ਦੇ ਦੂਜੇ ਦਿਨ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ,''ਨਾਗਰਿਕਤਾ ਸੋਧ ਕਾਨੂੰਨ ਦੇ ਨਿਯਮ ਤਿਆਰ ਕੀਤੇ ਜਾਣੇ ਬਾਕੀ ਹਨ, ਕਿਉਂਕਿ ਕੋਰੋਨਾ ਵਾਇਰਸ ਕਾਰਨ ਕਾਫ਼ੀ ਵੱਡੀ ਪ੍ਰਕਿਰਿਆ ਹਾਲੇ ਪੂਰੀ ਨਹੀਂ ਹੋਈ ਹੈ। ਜਿੰਨੀ ਜਲਦੀ ਟੀਕਾਕਰਣ ਮੁਹਿੰਮ ਸ਼ੁਰੂ ਹੋ ਜਾਵੇਗੀ ਅਤੇ ਕੋਰੋਨਾ ਦੀ ਚੈਨ ਟੁੱਟੇਗੀ, ਅਸੀਂ ਇਸ 'ਤੇ ਵਿਚਾਰ ਕਰਾਂਗੇ।''

ਭਾਜਪਾ ਪ੍ਰਧਾਨ ਜੇ.ਪੀ. ਨੱਢਾ ਦੇ ਕਾਫ਼ਲੇ 'ਤੇ ਹਮਲੇ ਨੂੰ ਲੈ ਕੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਨਿਸ਼ਾਨਾ ਸਾਧਦੇ ਹੋਏ ਸ਼ਾਹ ਨੇ ਜ਼ੋਰ ਦਿੱਤਾ ਕਿ ਨੱਢਾ ਦੀ ਸੁਰੱਖਿਆ ਲਈ ਜ਼ਿੰਮੇਵਾਰ ਆਈ.ਪੀ.ਐੱਸ. ਅਧਿਕਾਰੀਆਂ ਨੂੰ ਸੰਮਨ ਜਾਰੀ ਕਰ ਕੇ ਕੇਂਦਰੀ ਪ੍ਰਤੀਨਿਯੁਕਤੀ 'ਤੇ ਬੁਲਾਉਣ ਦਾ ਕੇਂਦਰ ਕੋਲ ਅਧਿਕਾਰ ਹੈ। ਉਨ੍ਹਾਂ ਨੇ ਕਿਹਾ ਕਿ ਟੀ.ਐੱਮ.ਸੀ. ਨੂੰ ਕੇਂਦਰ ਸਰਕਾਰ 'ਤੇ ਉਂਗਲੀ ਚੁੱਕਣ ਤੋਂ ਪਹਿਲਾਂ ਨਿਯਮਾਂ ਨੂੰ ਦੇਖਣਾ ਚਾਹੀਦਾ।


DIsha

Content Editor

Related News