PSLV-C51 ਦੀ ਉਲਟੀ ਗਿਣਤੀ ਸ਼ੁਰੂ, ਭਲਕੇ ‘ਭਗਵਦ ਗੀਤਾ’ ਅਤੇ PM ਮੋਦੀ ਦੀ ਤਸਵੀਰ ਨਾਲ ਭਰੇਗਾ ਉਡਾਣ

02/27/2021 3:54:24 PM

ਬੈਂਗਲੁਰੂ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਸਫ਼ਲਤਾ ਨੂੰ ਇਕ ਵਾਰ ਫਿਰ ਤੋਂ ਪੂਰੀ ਦੁਨੀਆ ਵੇਖੇਗੀ। ਜੇਕਰ ਸਭ ਕੁਝ ਯੋਜਨਾ ਮੁਤਾਬਕ ਰਿਹਾ ਤਾਂ ਭਾਰਤ ਦਾ ਰਾਕੇਟ ਐਤਵਾਰ ਯਾਨੀ ਕਿ ਭਲਕੇ ਸ਼੍ਰੀਹਰੀਕੋਟਾ ਪੁਲਾੜ ਕੇਂਦਰ ਤੋਂ ਪਹਿਲੀ ਵਾਰ ਬ੍ਰਾਜ਼ੀਲ ਦਾ ਸੈਟੇਲਾਈਟ ਲੈ ਕੇ ਪੁਲਾੜ ਲਈ ਉਡਾਣ ਭਰੇਗਾ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦਾ 2021 ਵਿਚ ਪਹਿਲੀ ਲਾਂਚਿੰਗ ਹੈ। ਇਸ ਰਾਕੇਟ ਨੂੰ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਐੱਸ. ਐੱਚ. ਏ. ਆਰ. ਤੋਂ ਲਾਂਚ ਕਰਨ ਦਾ ਸਮਾਂ 28 ਫਰਵਰੀ ਨੂੰ ਸਵੇਰੇ 10 ਵਜ ਕੇ 24 ਮਿੰਟ ਹੈ, ਜੋ ਮੌਸਮ ਦੀ ਸਥਿਤੀ ’ਤੇ ਨਿਰਭਰ ਕਰਦਾ ਹੈ। ਪੀ. ਐੱਸ. ਐੱਲ. ਵੀ-ਸੀ51/ਅਮੇਜ਼ੋਨੀਆ-1 ਮਿਸ਼ਨ ਲਈ ਉਲਟੀ ਗਿਣਤੀ ਸ਼ਨੀਵਾਰ ਸਵੇਰੇ 8 ਵਜੇ ਕੇ 54 ਮਿੰਟ ’ਤੇ ਸ਼ੁਰੂ ਹੋ ਗਈ ਹੈ। 

ਇਸਰੋ ਨੇ ਇਕ ਬਿਆਨ ਵਿਚ ਦੱਸਿਆ ਕਿ ਪੀ. ਐੱਸ. ਐੱਲ. ਵੀ-ਸੀ51 ਪੀ. ਐੱਸ. ਐੱਲ. ਵੀ ਦਾ 53ਵਾਂ ਮਿਸ਼ਨ ਹੈ। ਇਸ ਰਾਕੇਟ ਜ਼ਰੀਏ ਬ੍ਰਾਜ਼ੀਲ ਦੇ ਅਮੇਜ਼ੋਨੀਆ-1 ਸੈਟੇਲਾਈਟ ਨਾਲ 18 ਹੋਰ ਉਪਗ੍ਰਹਿ ਵੀ ਪੁਲਾੜ ’ਚ ਭੇਜੇ ਜਾਣਗੇ। ਇਸ ਰਾਕੇਟ ਨੂੰ ਚੇਨਈ ਤੋਂ ਕਰੀਬ 100 ਕਿਲੋਮੀਟਰ ਦੂਰ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ। ਇਨ੍ਹਾਂ ਉਪਗ੍ਰਹਿਾਂ ਵਿਚ ਚੇਨਈ ਦੀ ਸਪੇਸ ਕਿੰਡਜ਼ ਇੰਡੀਆ ਦਾ ਸਤੀਸ਼ ਧਵਨ ਐੱਸ. ਏ. ਟੀ. ਸ਼ਾਮਲ ਹਨ।

ਇਸ ਪੁਲਾੜ ਯਾਨ ਦੇ ਉੱਚ ਪੈਨਲ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਉਕੇਰੀ ਗਈ ਹੈ। ਸਪੇਸ ਕਿੰਡਜ਼ ਇੰਡੀਆ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਦੀ ਆਤਮ ਨਿਰਭਰ ਪਹਿਲ ਅਤੇ ਪੁਲਾੜ ਨਿੱਜੀਕਰਨ ਲਈ ਇਕਜੁੱਟਤਾ ਅਤੇ ਧੰਨਵਾਦ ਜ਼ਾਹਰ ਕਰਨ ਲਈ ਹੈ। ਸਪੇਸ ਕਿੰਡਜ਼ ਇੰਡੀਆ ਐੱਸ. ਡੀ. ਕਾਰਡ ’ਚ ਭਗਵਦ ਗੀਤਾ ਵੀ ਭੇਜ ਰਿਹਾ ਹੈ। ਇਸਰੋ ਦੀ ਵਣਜ ਇਕਾਈ ਨਿਊਸਪੇਸ ਇੰਡੀਆ ਲਿਮਟਿਡ ਲਈ ਵੀ ਇਹ ਖਾਸ ਦਿਨ ਹੈ। ਇਸਰੋ ਦਾ ਹੈੱਡਕੁਆਰਟਰ ਬੈਂਗਲੁਰੂ ਵਿਚ ਹੈ। 

ਨਿਊਸਪੇਸ ਇੰਡੀਆ ਲਿਮਟਿਡ ਦੇ ਪ੍ਰਧਾਨ ਅਤੇ ਮੈਨੇਜਰ ਡਾਇਰੈਕਟਰ ਜੀ. ਨਾਰਾਇਣ ਨੇ ਦੱਸਿਆ ਕਿ ਅਸੀਂ ਇਸ ਲਾਂਚਿੰਗ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ। ਸਾਡੇ ਲਈ ਬ੍ਰਾਜ਼ੀਲ ਨਿਰਮਿਤ ਪਹਿਲਾ ਸੈਟੇਲਾਈਟ ਲਾਂਚ ਕਰਨਾ ਮਾਣ ਦੀ ਗੱਲ ਹੈ। 637 ਕਿਲੋਗ੍ਰਾਮ ਵਜ਼ਨੀ ਅਮੇਜ਼ੋਨੀਆ-1 ਬ੍ਰਾਜ਼ੀਲ ਦਾ ਪਹਿਲਾ ਸੈਟੇਲਾਈਟ ਹੈ, ਜਿਸ ਨੂੰ ਭਾਰਤ ਤੋਂ ਲਾਂਚ ਕੀਤਾ ਜਾਵੇਗਾ। ਅਮੇਜ਼ੋਨੀਆ-1 ਦੇ ਬਾਰੇ ਵਿਚ ਭਾਰਤ ਨੇ ਬਿਆਨ ’ਚ ਦੱਸਿਆ ਕਿ ਇਹ ਸੈਟੇਲਾਈਟ ਅਮੇਜ਼ਨ ਖੇਤਰ ’ਚ ਜੰਗਲਾਂ ਦੀ ਕਟਾਈ ਦੀ ਨਿਗਰਾਨੀ ਅਤੇ ਬ੍ਰਾਜ਼ੀਲ ਦੇ ਖੇਤਰ ਵਿਚ ਵਿਭਿੰਨ ਖੇਤੀ ਵਿਸ਼ਲੇਸ਼ਣ ਲਈ ਉਪਯੋਗਕਰਤਾਵਾਂ ਨੂੰ ਰਿਮੋਟ ਸੈਂਸਿੰਗ ਡਾਟਾ ਮੁਹੱਈਆ ਕਰਾਵੇਗਾ ਅਤੇ ਮੌਜੂਦਾ ਢਾਂਚੇ ਨੂੰ ਹੋਰ ਮਜ਼ਬੂਤ ਕਰੇਗਾ। ਲਾਂਚਿੰਗ ਦਾ ਸਿੱਧਾ ਪ੍ਰਸਾਰਣ ਇਸਰੋ ਦੀ ਵੈੱਬਸਾਈਟ, ਯੂ-ਟਿਊਬ, ਫੇਸਬੁੱਕ ਅਤੇ ਟਵਿੱਟਰ ਚੈਨਲਾਂ ’ਤੇ ਵੇਖਿਆ ਜਾ ਸਕੇਗਾ।


 

Tanu

This news is Content Editor Tanu