ਕੋਰੋਨਾ ਵਾਇਰਸ ਦਾ ਕਹਿਰ, ਕੇਰਲ ''ਚ ਸਿਹਤ ਅਧਿਕਾਰੀਆਂ ਨੇ ਰੱਦ ਕਰਵਾਇਆ ਮੁੰਡੇ ਦਾ ਵਿਆਹ

02/05/2020 4:15:01 PM

ਕੇਰਲ— ਦੁਨੀਆ ਭਰ 'ਚ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਤਮਾਮ ਸਮੱਸਿਆਵਾਂ ਦਰਮਿਆਨ ਕੇਰਲ 'ਚ ਇਸ ਦੀ ਇਕ ਅਨੋਖੀ ਹੀ ਕਹਾਣੀ ਸਾਹਮਣੇ ਆਈ ਹੈ, ਜਿੱਥੇ ਦੋ ਹਫਤੇ ਪਹਿਲਾਂ ਚੀਨ ਤੋਂ ਵਾਪਸ ਆਏ ਇਕ ਨੌਜਵਾਨ ਨੂੰ ਸਿਹਤ ਅਧਿਕਾਰੀਆਂ ਦੀ ਬੇਨਤੀ 'ਤੇ ਆਪਣਾ ਵਿਆਹ ਰੱਦ ਕਰਨਾ ਪਿਆ। ਇਸ ਨੌਜਵਾਨ ਨੂੰ ਫਿਲਹਾਲ ਆਪਣੇ ਘਰ 'ਚ ਹੀ ਰਹਿਣ ਨੂੰ ਕਿਹਾ ਗਿਆ ਹੈ। ਮੰਗਲਵਾਰ ਭਾਵ 4 ਫਰਵਰੀ ਨੂੰ ਉਸ ਦਾ ਵਿਆਹ ਹੋਣਾ ਸੀ। ਸੂਤਰਾਂ ਮੁਤਾਬਕ ਅਧਿਕਾਰੀਆਂ ਨੂੰ 3 ਫਰਵਰੀ ਨੂੰ ਹੀ ਵਿਆਹ ਦੀ ਜਾਣਕਾਰੀ ਮਿਲੀ ਸੀ। ਹੈਲਥ ਇੰਸਪੈਕਟਰ ਨੇ ਤੁਰੰਤ ਜ਼ਿਲਾ ਡਾਕਟਰੀ ਅਧਿਕਾਰੀ (ਡੀ. ਐੱਮ. ਓ.) ਨਾਲ ਸੰਪਰਕ ਕੀਤਾ ਅਤੇ ਡਿਪਟੀ ਡਾਇਰੈਕਟਰ ਨੂੰ ਇਕ ਚਿੱਠੀ ਭੇਜੀ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਪਰਿਵਾਰ ਨੇ ਵਿਆਹ ਰੱਦ ਕਰ ਦਿੱਤਾ। 

ਦਰਅਸਲ ਨੌਜਵਾਨ ਚੀਨ ਦੇ ਵੁਹਾਨ ਤੋਂ 15,000 ਕਿਲੋਮੀਟਰ ਦੂਰ ਯੀਵੂ 'ਚ ਅਕਾਊਂਟੇਂਟ ਦੀ ਨੌਕਰੀ ਕਰਦਾ ਹੈ। ਉਹ 19 ਜਨਵਰੀ ਨੂੰ ਕੋਚੀ ਹਵਾਈ ਅੱਡੇ 'ਤੇ ਪਹੁੰਚਿਆ ਸੀ। ਸੂਤਰਾਂ ਨੇ ਦੱਸਿਆ ਕਿ ਸਿਹਤ ਅਧਿਕਾਰੀਆਂ ਨੇ ਉਸ ਨੂੰ ਕਿਹਾ ਹੈ ਕਿ ਸਰਕਾਰ ਵਲੋਂ ਜਾਰੀ ਸਿਹਤ ਮਾਪਦੰਡਾਂ ਤਹਿਤ ਉਹ ਵਿਆਹ ਨਹੀਂ ਕਰਵਾ ਸਕਦਾ। ਇਸ ਤਹਿਤ ਚੀਨ ਤੋਂ ਵਾਪਸ ਪਰਤਣ ਵਾਲੇ ਲੋਕਾਂ ਨੂੰ ਸਿਹਤ ਅਧਿਕਾਰੀਆਂ ਨੂੰ ਜਾਣਕਾਰੀ ਦੇਣੀ ਹੋਵੇਗੀ ਅਤੇ 28 ਦਿਨਾਂ ਤਕ ਘਰ 'ਚ ਹੀ ਰਹਿਣਾ ਹੋਵੇਗਾ। ਸੂਬੇ ਵਿਚ ਹੁਣ ਤਕ 2,321 ਲੋਕ ਘਰਾਂ ਵਿਚ ਨਿਗਰਾਨੀ 'ਚ ਹਨ ਅਤੇ 100 ਨੂੰ ਵੱਖ-ਵੱਖ ਹਸਪਤਾਲਾਂ ਵਲੋਂ ਬਣਾਏ ਗਏ ਵੱਖਰੇ ਵਾਰਡ 'ਚ ਰੱਖਿਆ ਗਿਆ ਹੈ। ਇੱਥੇ ਦੱਸ ਦੇਈਏ ਕਿ ਚੀਨ ਦੇ ਸ਼ਹਿਰ ਵੁਹਾਨ 'ਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇੱਥੇ ਇਸ ਜਾਨਲੇਵਾ ਵਾਇਰਸ ਨਾਲ ਹੁਣ ਤਕ 490 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 24 ਹਜ਼ਾਰ ਤੋਂ ਵਧ ਮਾਮਲੇ ਸਾਹਮਣੇ ਆਏ ਹਨ।

Tanu

This news is Content Editor Tanu