ਕੋਰੋਨਾਵਾਇਰਸ 'ਤੇ ਬੋਲੇ ਕੇਜਰੀਵਾਲ, 'ਸੂਬਾ ਪੱਧਰੀ ਟਾਸਕ ਫੋਰਸ' ਦਾ ਕੀਤਾ ਗਿਆ ਗਠਨ

03/04/2020 3:57:35 PM

ਨਵੀਂ ਦਿੱਲੀ—ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਕੋਰੋਨਾਵਾਇਰਸ ਨੂੰ ਲੈ ਕੇ ਕਈ ਅਹਿਮ ਕਦਮ ਚੁੱਕੇ ਜਾਣ ਦੀ ਗੱਲ ਕੀਤੀ ਗਈ ਹੈ। ਉਨ੍ਹਾਂ ਨੇ 'ਸੂਬਾ ਪੱਧਰੀ ਟਾਸਕ ਫੋਰਸ' ਬਣਾਉਣ ਦੀ ਵੀ ਜਾਣਕਾਰੀ ਦਿੱਤੀ। ਇਸ ਦੀ ਪ੍ਰਧਾਨਗੀ ਮੁੱਖ ਮੰਤਰੀ ਕੇਜਰੀਵਾਲ ਖੁਦ ਹੀ ਕਰ ਰਹੇ ਹਨ। ਦਿੱਲੀ ਪੁਲਸ ਸਮੇਤ ਸਾਰੇ ਜਰੂਰੀ ਵਿਭਾਗ ਇਸ ਟਾਸਕ ਫੋਰਸ ਦਾ ਹਿੱਸਾ ਹਨ। ਟਾਸਕ ਫੋਰਸ ਦੀ ਬੈਠਕ 'ਚ ਸਾਰੇ ਐਮਰਜੰਸੀ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ, ਕਿਉਂਕਿ ਇਹ ਵਾਇਰਸ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਇਸ ਤੋਂ ਘਬਰਾਉਣ ਦੀ ਜਰੂਰਤ ਨਹੀਂ ਹੈ, ਕੋਰੋਨਾਵਾਇਰਸ ਨਾਲ ਨਿਪਟਣ ਲਈ ਜਰੂਰੀ ਕਦਮ ਚੁੱਕੇ ਜਾਣਗੇ। 

ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਹੈ ਕਿ ਜਿਸ ਤਰ੍ਹਾ ਅਸੀਂ ਡੇਂਗੂ ਵਰਗੀ ਮੁਸ਼ਕਿਲ ਬੀਮਾਰੀ ਨਾਲ ਲੜੇ ਅਤੇ ਜਿੱਤੇ ਹਾਂ, ਉਵੇਂ ਹੀ ਇਸ ਕੋਰੋਨਾਵਾਇਰਸ ਨੂੰ ਵੀ ਅਸੀਂ ਇੱਕਠੇ ਮਿਲ ਕੇ ਹਰਾਵਾਂਗੇ। ਉਨ੍ਹਾਂ ਨੇ ਦੱਸਿਆ ਹੈ ਕਿ ਤਿੰਨੋ ਮਿਊਂਸੀਪਲ ਕਾਰਪੋਰੇਸ਼ਨ ਆਫ ਦਿੱਲੀ (ਐੱਮ.ਸੀ.ਡੀ) ਅਤੇ ਨਵੀਂ ਦਿੱਲੀ ਮਿਉਂਸੀਪਲ ਕੌਂਸਲ ਦੇ ਕਰਮਚਾਰੀ ਸ਼ਹਿਰ ਦੇ ਸਾਰੇ ਹੋਟਲਾਂ ਅਤੇ ਗੈਸਟ ਹਾਊਸ 'ਚ ਜਾ ਕੇ ਕੋਰੋਨਾਵਾਇਰਸ ਪ੍ਰਭਾਵਿਤ ਦੇਸ਼ਾਂ ਤੋਂ ਆਏ ਲੋਕਾਂ ਦੀ ਜਾਂਚ ਕਰ ਰਹੇ ਹਨ।

ਹਵਾਈ ਅੱਡਿਆਂ 'ਤੇ ਥਰਮਲ ਸਕੈਨਿੰਗ—
ਮੁੱਖ ਮੰਤਰੀ ਨੇ ਕਿਹਾ ਹੈ ਕਿ ਹਵਾਈ ਅੱਡਿਆਂ 'ਤੇ ਥਰਮਲ ਸਕੈਨਿੰਗ ਕੀਤੀ ਜਾ ਰਹੀ ਹੈ, ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਉਨ੍ਹਾਂ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਹਾਂ, ਜੋ ਇਸ ਵਾਇਰਸ ਦੇ ਸੰਪਰਕ 'ਚ ਆਏ ਹਨ ਤਾਂ ਕਿ ਉਨ੍ਹਾਂ ਨੂੰ ਉੱਚਿਤ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਕੇਜਰੀਵਾਲ ਨੇ ਕਿਹਾ ਕਿ 4 ਦੇਸ਼ਾਂ ਤੋਂ 5757 ਯਾਤਰੀ ਆਏ ਹਨ, ਜਿਨ੍ਹਾਂ 'ਚੋ ਅਸੀਂ 1324 ਯਾਤਰੀ ਟ੍ਰੇਸ ਨਹੀਂ ਕੀਤੇ ਜਾ ਸਕੇ, ਇਸ ਤੋਂ ਇਲਾਵਾ ਬਾਕੀ ਸਾਰੇ ਯਾਤਰੀ ਠੀਕ ਹਨ।

ਹੋਲੀ ਨਹੀਂ ਮਨਾਉਣਗੇ ਮੁੱਖ ਮੰਤਰੀ ਕੇਜਰੀਵਾਲ-
ਕੋਰੋਨਾਵਾਇਰਸ ਤੋਂ ਪਹਿਲਾਂ ਦਿੱਲੀ 'ਚ ਹੋਈ ਹਿੰਸਾ 'ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੰਗਿਆਂ ਤੋਂ ਬਾਅਦ ਮੈਂ ਵੀ ਹੋਲੀ ਨਹੀਂ ਮਨਾ ਰਿਹਾ, ਸਾਡੇ ਮੰਤਰੀ ਅਤੇ ਵਿਧਾਇਕ ਵੀ ਹੋਲੀ ਨਹੀਂ ਮਨਾਉਣਗੇ।

25 ਹਸਪਤਾਲਾਂ ਨੂੰ ਕੀਤਾ ਤਿਆਰ-
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਹੈ ਕਿ ਦਿੱਲੀ ਦੇ 25 ਹਸਪਤਾਲਾਂ ਨੂੰ ਮਰੀਜ਼ਾਂ ਲਈ ਤਿਆਰ ਰੱਖਿਆ ਗਿਆ ਹੈ। ਇਸ 'ਚ ਦਿੱਲੀ ਸਰਕਾਰ ਦੇ 19 ਅਤੇ 6 ਪ੍ਰਾਈਵੇਟ ਹਸਪਤਾਲਾਂ ਨੂੰ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਇਲਾਜ ਲਈ ਤਿਆਰ ਕੀਤਾ ਗਿਆ ਹੈ। ਇਨ੍ਹਾਂ ਹਸਪਤਾਲਾਂ 'ਚ ਆਈਸੋਲੇਸ਼ਨ ਦੀ ਸਹੂਲਤ ਦਿੱਤੀ ਗਈ ਹੈ। ਇਸ ਦੇ ਲਈ 230 ਬੈੱਡ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ 'ਚ ਹਸਪਤਾਲਾਂ 'ਚ ਇਲਾਜ ਕਰ ਰਹੇ ਡਾਕਟਰ ਅਤੇ ਹੋਰ ਸਟਾਫ ਨੂੰ ਵੀ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਦਿੱਲੀ ਸਰਕਾਰ 3.50 ਲੱਖ ਤੋਂ ਜ਼ਿਆਦਾ N95 ਮਾਸਕ ਵੰਡਣ ਦੀ ਵਿਵਸਥਾ ਕੀਤੀ ਗਈ। ਇਸ ਤੋਂ ਇਲਾਵਾ 8,000 ਸੈਪਰੇਸ਼ਨ ਕਿੱਟਾਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਕੋਰੋਨਾਵਾਇਰਸ 'ਤੇ ਐਕਸ਼ਨ ਮੋਡ 'ਚ ਸਰਕਾਰ, ਚੁੱਕੇ ਅਹਿਮ ਕਦਮ

Iqbalkaur

This news is Content Editor Iqbalkaur