ਰਾਹੁਲ ਦਾ ਮੋਦੀ ਸਰਕਾਰ ਦੇ ਆਰਥਿਕ ਪੈਕੇਜ ''ਤੇ ਨਿਸ਼ਾਨਾ- ਲੋਕਾਂ ਨੂੰ ਕਰਜ਼ ਨਹੀਂ ਕੈਸ਼ ਚਾਹੀਦਾ

05/16/2020 12:58:21 PM

ਨਵੀਂ ਦਿੱਲੀ- ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਲਾਨ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ 'ਤੇ ਨਿਸ਼ਆਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਦੇ ਲੋਕ ਸੰਕਟ 'ਚ ਹਨ, ਉਨ੍ਹਾਂ ਨੂੰ ਕਰਜ਼ ਨਹੀਂ ਕੈਸ਼ ਚਾਹੀਦਾ। ਰਾਹੁਲ ਗਾਂਧੀ ਨੇ ਵੀਡੀਓ ਕਾਨਫਰੈਂਸਿੰਗ 'ਚ ਕਿਹਾ ਕਿ ਦੇਸ਼ 'ਚ ਜੋ ਹਾਲਾਤ ਹਨ, ਉਹ ਸਾਰਿਆਂ ਨੂੰ ਸਪੱਸ਼ਟ ਹਨ। ਕੁਝ ਦਿਨ ਪਹਿਲਾਂ ਸਰਕਾਰ ਨੇ ਜੋ ਕਦਮ ਚੁੱਕੇ ਹਨ, ਉਨ੍ਹਾਂ 'ਤੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਜਦੋਂ ਬੱਚਿਆਂ ਨੂੰ ਸੱਟ ਲੱਗਦੀ ਹੈ ਤਾਂ ਮਾਂ ਉਨ੍ਹਾਂ ਨੂੰ ਕਰਜ਼ਾ ਨਹੀਂ ਦਿੰਦੀ ਸਗੋਂ ਰਾਹਤ ਲਈ ਤੁਰੰਤ ਮਦਦ ਦਿੰਦੀ ਹੈ। ਕਰਜ਼ ਦਾ ਪੈਕੇਜ ਨਹੀਂ ਹੋਣਾ ਚਾਹੀਦਾ ਸੀ ਸਗੋਂ ਕਿਸਾਨ, ਮਜ਼ਦੂਰ ਦੀ ਜੇਬ 'ਚ ਤੁਰੰਤ ਪੈਸੇ ਦਿੱਤੇ ਜਾਣ ਦੀ ਜ਼ਰੂਰਤ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ ਜੋ ਪ੍ਰਵਾਸੀ ਮਜ਼ਦੂਰ ਸੜਕ 'ਤੇ ਤੁਰ ਰਿਹਾ ਹੈ, ਜੋ ਕਿਸਾਨ ਤੜਫ ਰਿਹਾ ਹੈ, ਉਸ ਨੂੰ ਕਰਜ਼ ਹੀ ਨਹੀਂ, ਪੈਸਿਆਂ ਦੀ ਜ਼ਰੂਰਤ ਹੈ। ਮੇਰਾ ਇਹ ਸੰਦੇਸ਼ ਸਿਆਸੀ ਨਹੀਂ ਸਗੋਂ ਇਸ 'ਚ ਹਿੰਦੁਸਤਾਨ ਦੀ ਚਿੰਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਜੋ ਲੋਕ ਪਰੇਸ਼ਾਨ ਹਨ, ਇਹ ਸਾਡੇ ਭਰਾ-ਭੈਣ, ਮਾਤਾ-ਪਿਤਾ ਹਨ। ਸਾਨੂੰ ਸਾਰਿਆਂ ਨੂੰ ਇਨ੍ਹਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਇਹ ਸਿਰਫ਼ ਸਰਕਾਰ ਨੂੰ ਹੀ ਨਹੀਂ, ਅਸੀਂ ਸਾਰਿਆਂ ਨੇ ਮਿਲ ਕੇ ਕੰਮ ਕਰਨਾ ਹੈ।

ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਅੱਜ ਸਾਡੀ ਜਨਤਾ ਨੂੰ ਪੈਸੇ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਜੀ ਇਸ ਪੈਕੇਜ 'ਤੇ ਮੁੜ ਵਿਚਾਰ ਕਰਨ। ਸਿੱਧੀ ਨਕਦ, ਮਨਰੇਗਾ ਦੇ ਕਾਰਜ ਦਿਵਸ 200 ਦਿਨ, ਕਿਸਾਨਾਂ ਨੂੰ ਪੈਸਾ ਆਦਿ ਬਾਰੇ ਮੋਦੀ ਜੀ ਵਿਚਾਰ ਕਰਨ, ਕਿਉਂਕਿ ਇਹ ਸਭ ਹਿੰਦੁਸਤਾਨ ਦਾ ਭਵਿੱਖ ਹਨ।


DIsha

Content Editor

Related News