ਕੋਰੋਨਾ 'ਤੇ ਪੀ. ਐੱਮ. ਮੋਦੀ ਅੱਜ ਰਾਤ 8 ਵਜੇ ਦੇਸ਼ ਨੂੰ ਕਰਨਗੇ ਸੰਬੋਧਿਤ

03/24/2020 11:33:27 AM

ਨਵੀਂ ਦਿੱਲੀ—  ਮਹਾਮਾਰੀ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਦੇ ਸਬੰਧ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ 24 ਮਾਰਚ ਨੂੰ ਦੇਸ਼ ਨੂੰ ਸੰਬੋਧਿਤ ਕਰਨਗੇ। ਇਹ ਗੱਲ ਉਨ੍ਹਾਂ ਨੇ ਟਵੀਟ ਕਰ ਕੇ ਆਖੀ। ਉਨ੍ਹਾਂ ਕਿਹਾ ਕਿ ਗਲੋਬਰ ਪੱਧਰ 'ਤੇ ਮਹਾਮਾਰੀ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਦੇ ਸੰਬੰਧ 'ਚ ਕੁਝ ਮਹੱਤਵਪੂਰਨ ਗੱਲਾਂ ਦੇਸ਼ ਵਾਸੀਆਂ ਨਾਲ ਸਾਂਝਾ ਕਰਾਂਗਾ। ਅੱਜ 24 ਮਾਰਚ ਰਾਤ 8 ਵਜੇ ਦੇਸ਼ ਨੂੰ ਸੰਬੋਧਿਤ ਕਰਾਂਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਵੀਰਵਾਰ ਨੂੰ ਵੀ ਮੋਦੀ ਵਲੋਂ ਦੇਸ਼ ਨੂੰ ਸੰਬੋਧਿਤ ਕੀਤਾ ਗਿਆ ਸੀ ਅਤੇ ਕੋਰੋਨਾ ਜਿਹੀ ਮਹਾਮਾਰੀ ਨੂੰ ਹਰਾਉਣ ਲਈ 'ਜਨਤਾ ਕਰਫਿਊ' ਦੀ ਅਪੀਲ ਕੀਤੀ ਗਈ ਸੀ। ਜਿਸ ਨੂੰ ਹਰ ਦੇਸ਼ ਵਾਸੀ ਨੇ ਮੰਨਿਆ ਵੀ ਸੀ।

ਦੱਸਣਯੋਗ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਹੁਣ ਤਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 500 ਪੀੜਤ ਮਾਮਲੇ ਸਾਹਮਣੇ ਆ ਚੁੱਕੇ ਹਨ। ਕਈ ਸੂਬਿਆਂ 'ਚ ਲਾਕ ਡਾਊਨ ਕਰ ਦਿੱਤਾ ਗਿਆ ਹੈ ਪਰ ਵਾਇਰਸ ਨੂੰ ਲੋਕ ਹਲਕੇ 'ਚ ਲੈ ਰਹੇ ਹਨ। ਡਬਲਿਊ. ਐੱਚ. ਓ. ਨੇ ਇਸ ਵਾਇਰਸ ਨੂੰ ਮਹਾਮਾਰੀ ਐਲਾਨਿਆ ਹੈ। ਚੀਨ ਤੋਂ ਫੈਲਿਆ ਇਹ ਜਾਨਲੇਵਾ ਵਾਇਰਸ ਦੁਨੀਆ ਦੇ 180 ਦੇਸ਼ਾਂ 'ਚ ਆਪਣੇ ਪੈਰ ਪਸਾਰ ਚੁੱਕਾ ਹੈ। ਦੁਨੀਆ ਭਰ 'ਚ ਇਸ ਵਾਇਰਸ ਨਾਲ 14 ਹਜ਼ਾਰ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ ਅਤੇ 3 ਲੱਖ ਤੋਂ ਵਧੇਰੇ ਲੋਕ ਵਾਇਰਸ ਦੀ ਲਪੇਟ 'ਚ ਹਨ।

Tanu

This news is Content Editor Tanu