'ਕੋਰੋਨਾ' ਵਿਰੁੱਧ ਜੰਗ : PM ਮੋਦੀ ਨੇ 5 ਮਹੀਨਿਆਂ ਤੋਂ ਨਹੀਂ ਕੀਤੀ ਕੋਈ ਵਿਦੇਸ਼ ਯਾਤਰਾ

04/23/2020 11:04:16 AM

ਨਵੀਂ ਦਿੱਲੀ— ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੂਰਾ ਦੇਸ਼ ਲਾਕਡਾਊਨ ਹੈ। ਪਿਛਲੇ ਕਰੀਬ ਇਕ ਮਹੀਨੇ ਤੋਂ ਦੇਸ਼ ਦੀ 135 ਕਰੋੜ ਦੀ ਆਬਾਦੀ ਘਰਾਂ 'ਚ ਕੈਦ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਜ਼ਬੂਤੀ ਨਾਲ ਕੋਰੋਨਾ ਵਾਇਰਸ ਵਿਰੁੱਧ ਜੰਗ ਲੜਦੇ ਦਿਖਾਈ ਦੇ ਰਹੇ ਹਨ। ਉਹ ਹਰ ਮੋਰਚੇ 'ਤੇ ਲਗਾਤਾਰ ਸਰਗਰਮ ਹਨ ਅਤੇ ਸਾਰਿਆਂ ਦੀ ਹੌਂਸਲਾ-ਅਫਜ਼ਾਈ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਇਸ ਲੜਾਈ ਲਈ ਜਿਸ ਤਰ੍ਹਾਂ ਦੇਸ਼ ਨੂੰ ਤਿਆਰ ਕਰ ਰਹੇ ਹਨ, ਉਹ ਕਿਸੇ ਤੋਂ ਲੁੱਕਿਆ ਨਹੀਂ ਹੈ। ਅਜਿਹੇ ਵਿਚ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ 5 ਮਹੀਨੇ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕਾ ਹੈ, ਉਹ ਕਿਸੇ ਵੀ ਵਿਦੇਸ਼ੀ ਯਾਤਰਾ 'ਤੇ ਵੀ ਨਹੀਂ ਗਏ ਹਨ। ਸੂਤਰਾਂ ਦੀ ਮੰਨੀਏ ਤਾਂ ਕੋਰੋਨਾ ਵਾਇਰਸ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਮੋਦੀ ਨੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਪ੍ਰਧਾਨ ਮੰਤਰੀ ਵੱਖ-ਵੱਖ ਸੂਬਿਆਂ ਦੀਆਂ ਸਮੱਸਿਆਵਾਂ, ਤਿਆਰੀਆਂ ਦੀ ਵੀ ਸਮੀਖਿਆ ਕਰਦੇ ਹਨ। ਇਹ ਹੀ ਕਾਰਨ ਹੈ ਕਿ ਆਰਾਮ ਕਰਨ ਲਈ ਉਨ੍ਹਾਂ ਕੋਲ ਮਹਿਜ 4 ਤੋਂ 5 ਘੰਟੇ ਹੀ ਹੁੰਦੇ ਹਨ।

ਦਰਅਸਲ ਪੀ. ਐੱਮ. ਮੋਦੀ ਬੀਤੇ ਸਾਲ 15 ਨਵੰਬਰ ਨੂੰ ਦੱਖਣੀ ਅਮਰੀਕੀ ਦੇਸ਼ ਬ੍ਰਾਜ਼ੀਲ ਦੀ ਦੋ ਦਿਨਾਂ ਯਾਤਰਾ ਤੋਂ ਪਰਤੇ ਸਨ। ਇਸ ਤੋਂ ਬਾਅਦ ਉਹ ਕਿਸੇ ਵੀ ਦੇਸ਼ ਦੀ ਵਿਦੇਸ਼ੀ ਯਾਤਰਾ 'ਤੇ ਨਹੀਂ ਜਾ ਸਕੇ। ਕੋਰੋਨਾ ਵਾਇਰਸ ਕਾਰਨ ਉਨ੍ਹਾਂ ਨੇ 13 ਮਾਰਚ ਦੀ ਬੈਲਜੀਅਮ ਅਤੇ 17 ਮਾਰਚ ਦੀ ਬੰਗਲਾਦੇਸ਼ ਦੀ ਯਾਤਰਾ ਵੀ ਟਾਲ ਦਿੱਤੀ ਸੀ। ਪ੍ਰਧਾਨ ਮੰਤਰੀ 13 ਮਾਰਚ ਨੂੰ ਬੈਲਜੀਅਮ 'ਚ ਭਾਰਤ-ਯੂਰਪ ਸ਼ਿਖਰ ਸੰਮੇਲਨ ਵਿਚ ਸ਼ਾਮਲ ਹੋਣ ਵਾਲੇ ਸਨ ਪਰ ਯੂਰੋਪ 'ਚ ਫੈਲੇ ਕੋਰੋਨਾ ਕਾਰਨ ਉਨ੍ਹਾਂ ਨੇ ਇਹ ਦੌਰਾ ਟਾਲ ਦਿੱਤਾ। 17 ਮਾਰਚ ਨੂੰ ਉਨ੍ਹਾਂ ਨੇ ਬੰਗਲਾਦੇਸ਼ ਦੇ ਪਹਿਲੇ ਰਾਸ਼ਟਰਪਤੀ ਦੇ ਜਨਮ ਸ਼ਤਾਬਦੀ ਸਮਾਰੋਹ ਵਿਚ ਸ਼ਾਮਲ ਹੋਣਾ ਸੀ, ਜਿਸ ਨੂੰ ਵੀ ਟਾਲ ਦਿੱਤਾ ਗਿਆ।

ਸੂਤਰਾਂ ਦੀ ਮੰਨੀਏ ਤਾਂ ਮਾਰਚ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਵਿਦੇਸ਼ ਨਾ ਜਾਣ ਦੀ ਵਜ੍ਹਾ ਕੋਰੋਨਾ ਨਹੀਂ ਸੀ। ਪ੍ਰਧਾਨ ਮੰਤਰੀ 15 ਨਵੰਬਰ 2019 ਤੋਂ ਲੈ ਕੇ ਫਰਵਰੀ 2020 ਤਕ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਕਾਰਨ ਵਿਦੇਸ਼ ਨਹੀਂ ਗਏ। ਮਾਹਰਾਂ ਦੀ ਮੰਨੀਏ ਤਾਂ ਅਜਿਹੇ ਸਮੇਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸੇ ਤਰ੍ਹਾਂ ਦੀ ਅਸਹਿਜ ਸਥਿਤੀ ਤੋਂ ਬੱਚਣ ਲਈ ਘਰ ਵਿਚ ਬੈਠਣਾ ਹੀ ਬਿਹਤਰ ਸਮਝਿਆ।


Tanu

Content Editor

Related News