ਮੁੰਬਈ : ਲਾਕਡਾਊਨ 'ਚ ਢਿੱਲ ਮਿਲਦੇ ਹੀ ਲੋਕਾਂ ਨੇ ਕੀਤੀ ਸਮੋਸਾ ਪਾਰਟੀ

05/20/2020 12:22:31 PM

ਮੁੰਬਈ- ਕੋਰੋਨਾ ਵਾਇਰਸ ਕਾਰਨ ਜਿੱਥੇ ਦੇਸ਼ ਭਰ 'ਚ ਪੀੜਤਾਂ ਦੀ ਗਿਣਤੀ ਵਧਣਾ ਇਕ ਚਿੰਤਾ ਦਾ ਕਾਰਨ ਬਣ ਗਿਆ ਹੈ, ਉੱਥੇ ਹੀ ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈ ਰਿਹਾ ਹੈ। ਕੇਂਦਰ ਸਰਕਾਰ ਨੇ ਇਸ ਵਾਰ ਲਾਕਡਾਊਨ 4 'ਚ ਜ਼ਿਆਦਾ ਢਿੱਲ ਦਿੱਤੀ ਹੈ ਅਤੇ ਲੋਕ ਇਸ ਦਾ ਗਲਤ ਫਾਇਦਾ ਚੁੱਕ ਕੇ ਖੁਦ ਤਾਂ ਖਤਰਾ ਚੁੱਕ ਰਹੇ ਹਨ ਪਰ ਨਾਲ ਹੀ ਦੂਜਿਆਂ ਦੀ ਜਾਨ ਨੂੰ ਵੀ ਜ਼ੋਖਮ 'ਚ ਪਾ ਰਹੇ ਹਨ। ਕੋਰੋਨਾ ਨਾਲ ਸਭ ਤੋਂ ਵਧ ਪ੍ਰਭਾਵਿਤ ਮੁੰਬਈ ਹੈ ਅਤੇ ਇੱਥੇ ਦੇ ਲੋਕ ਲਾਪਰਵਾਹ ਵੀ ਹਨ। ਮੁੰਬਈ ਦੇ ਘਾਟਕੋਪਰ ਸਥਿਤ ਇਕ ਹਾਊਸਿੰਗ ਸੋਸਾਇਟੀ 'ਚ ਲਾਕਡਾਊਨ 'ਚ ਢਿੱਲ ਮਿਲਦੇ ਹੀ ਸਮੋਸਾ ਪਾਰਟੀ ਦਾ ਆਯੋਜਨ ਕੀਤਾ ਗਿਆ। ਸਮੋਸਿਆਂ ਨਾਲ ਮਿਊਜ਼ਿਕ ਅਤੇ ਡਾਂਸ ਦਾ ਵੀ ਇੰਤਜ਼ਾਮ ਸੀ। ਸੋਸ਼ਲ ਮੀਡੀਆ 'ਚ ਇਸ ਸਮੋਸਾ ਪਾਰਟੀ ਦੀਆਂ ਜਦੋਂ ਤਸਵੀਰਾਂ ਵਾਇਰਲ ਹੋਈਆਂ ਤਾਂ ਪੁਲਸ ਹਰਕਤ 'ਚ ਆ ਗਈ ਅਤੇ ਉਸ ਨੇ ਹਾਊਸਿੰਗ ਸੋਸਾਇਟੀ 'ਚ ਹੀ ਰਹਿਣ ਵਾਲੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ।

ਗ੍ਰਿਫਤਾਰ ਕੀਤੇ ਗਏ 2 ਲੋਕਾਂ 'ਚ ਹਾਊਸਿੰਗ ਸੋਸਾਇਟੀ ਦਾ ਚੇਅਰਮੈਨ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਚੇਅਰਮੈਨ ਨੇ ਸੋਸਾਇਟੀ ਦੇ ਰਹਿਣ ਵਾਲੇ ਇਕ ਹੋਰ ਸ਼ਖਸ ਨਾਲ ਮਿਲ ਕੇ ਸਮੋਸਾ ਪਾਰਟੀ ਦਾ ਆਯੋਜਨ ਕੀਤਾ ਸੀ। ਸੋਸ਼ਲ ਮੀਡੀਆ ਵੀਡੀਓ ਅਤੇ ਜੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਉਸ 'ਚ ਕਰੀਬ 30 ਲੋਕ ਦਿੱਸ ਰਹੇ ਹਨ। ਇਸ ਦੌਰਾਨ ਨਾਤਾਂ ਕਿਸੇ ਨੇ ਮਾਸਕ ਪਾਇਆ ਸੀ ਅਤੇ ਨਾ ਹੀ ਸੋਸ਼ਲ ਡਿਸਟੈਂਸਿੰਗ ਦਾ ਕਿਸੇ ਨੇ ਧਿਆਨ ਰੱਖਿਆ। ਦੋਸ਼ੀਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 188 ਅਤੇ 269 ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮੰਗਲਵਾਰ ਮੁੰਬਈ 'ਚ ਕੋਰੋਨਾ ਦੇ 1411 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਪੀੜਤਾਂ ਦੀ ਗਿਣਤੀ ਵਧ ਕੇ 22,563 ਤੱਕ ਪਹੁੰਚ ਗਈ ਹੈ ਅਤੇ ਹੁਣ ਤੱਕ 800 ਲੋਕਾਂ ਦੀ ਮੌਤ ਹੋ ਚੁਕੀ ਹੈ।

DIsha

This news is Content Editor DIsha