ਕੋਰੋਨਾ ਸੰਕਟ ਦਰਮਿਆਨ ਚੰਗੀ ਖ਼ਬਰ, ਠੀਕ ਹੋਏ 100 ਲੋਕ

03/30/2020 1:33:51 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਨਾਲ ਦੁਨੀਆ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੁਨੀਆ ਭਰ 'ਚ ਜਿੱਥੇ ਲੱਖਾਂ ਲੋਕ ਇਸ ਵਾਇਰਸ ਦੀ ਲਪੇਟ 'ਚ ਹਨ,  ਉੱਥੇ ਹੀ ਭਾਰਤ ਵੀ ਇਸ ਵਾਇਰਸ ਤੋਂ ਬਚਿਆ ਨਹੀਂ ਹੈ। ਕੇਂਦਰ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਭਾਰਤ 'ਚ ਵਾਇਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਹੁਣ ਤਕ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1071 ਤਕ ਪਹੁੰਚ ਗਈ ਹੈ, ਜਿਨ੍ਹਾਂ 'ਚ 49 ਵਿਦੇਸ਼ੀ ਵੀ ਸ਼ਾਮਲ ਹਨ। ਇਸ ਸਭ ਦੇ ਦਰਮਿਆਨ ਚੰਗੀ ਖ਼ਬਰ ਵੀ ਹੈ। ਉਹ ਇਹ ਹੈ ਕਿ 100 ਮਰੀਜ਼ ਕੋਰੋਨਾ ਵਿਰੁੱਧ ਜੰਗ ਜਿੱਤ ਚੁੱਕੇ ਹਨ। ਕਹਿਣ ਦਾ ਭਾਵ ਹੈ ਕਿ 100 ਮਰੀਜ਼ ਬਿਲਕੁੱਲ ਸਿਹਤਮੰਦ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ। ਸਿਹਤ ਮੰਤਰਾਲਾ ਵਲੋਂ ਦਿੱਤੀ ਗਈ ਜਾਣਕਾਰੀ 'ਚ ਇਹ ਗੱਲ ਸਾਹਮਣੇ ਆਈ ਹੈ। ਇਸ ਖਤਰਨਾਕ ਵਾਇਰਸ ਕਾਰਨ ਹੁਣ ਤੱਕ ਦੇਸ਼ ਭਰ 'ਚ 29 ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਦੱਸ ਦੇਈਏ ਕਿ ਦੇਸ਼ ਭਰ 'ਚ ਕੋਰੋਨਾ ਵਾਇਰਸ ਕਰੀਬ 27 ਸੂਬਿਆਂ 'ਚ ਫੈਲ ਚੁੱਕਾ ਹੈ। ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ 'ਚ ਹਨ, ਜਿੱਥੇ ਕੋਰੋਨਾ ਪੀੜਤਾਂ ਦੀ ਗਿਣਤੀ 193 ਹੈ, ਇਸ ਤੋਂ ਬਾਅਦ ਨੰਬਰ ਕੇਰਲ ਦਾ ਆਉਂਦਾ ਹੈ। ਇਸ ਵਾਇਰਸ ਨੂੰ ਰੋਕਣ ਦੀ ਇਕੋ-ਇਕ ਉਪਾਅ ਹੈ ਲਾਕ ਡਾਊਨ। ਲੋਕਾਂ ਘਰਾਂ 'ਚ ਬੰਦ ਰਹਿਣ, ਸੁਰੱਖਿਅਤ ਰਹਿਣ, ਤਾਂ ਕਿ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਜੇਕਰ ਅਸੀਂ ਹੁਣ ਵੀ ਨਾ ਸੰਭਲੇ ਤਾਂ ਸਾਡੇ ਹਾਲਾਤ ਹੋਰ ਦੇਸ਼ਾਂ ਵਾਂਗ ਹੋ ਸਕਦੇ ਹਨ। ਇਟਲੀ 'ਚ ਹਾਲਾਤ ਇਸ ਸਮੇਂ ਬਹੁਤ ਖਰਾਬ ਹਨ, ਇੱਥੇ 10 ਹਜ਼ਾਰ ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ। ਚੀਨ ਤੋਂ ਫੈਲਿਆ ਇਹ ਖਤਰਨਾਕ ਵਾਇਰਸ 200 ਦੇ ਕਰੀਬ ਦੇਸ਼ਾਂ 'ਚ ਫੈਲ ਚੁੱਕਾ ਹੈ।

 ਸੋ, ਸਾਨੂੰ ਲੋੜ ਹੈ ਕਿ ਅਸੀਂ ਦੂਜੇ ਦੇਸ਼ਾਂ ਤੋਂ ਸਿੱਖੀਏ, ਜੋ ਇਸ ਵਾਇਰਸ ਦੇ ਸਭ ਤੋਂ ਜ਼ਿਆਦਾ ਮਾਰ ਝੱਲ ਰਹੇ ਹਨ। ਡਾਕਟਰਾਂ ਇੱਥੋਂ ਤਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਜਨਤਾ ਨੂੰ ਅਪੀਲ ਕਰ ਚੁੱਕੇ ਹਨ ਕਿ ਘਰਾਂ 'ਚ ਹੀ ਰਹੋ। ਕਿਉਂਕਿ ਇਹ ਵਾਇਰਸ ਇਨਸਾਨੀ ਸਰੀਰ ਭਾਲਦਾ ਹੈ ਅਤੇ ਸਰੀਰ ਅੰਦਰ ਦਾਖਲ ਹੁੰਦਿਆਂ ਹੀ ਇਹ ਵਾਇਰਸ ਤਾਕਤਵਰ ਹੋ ਜਾਂਦਾ ਹੈ। ਦੱਸ ਦੇਈਏ ਕਿ ਦੁਨੀਆ ਭਰ 'ਚ ਕੋਰੋਨਾ ਵਾਇਰਸ ਕਾਰਨ ਹੁਣ ਤਕ 33 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।

Tanu

This news is Content Editor Tanu